ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਾਜਪਾਲ ਯਾਦਵ ਬਤੌਰ ਨਿਰਮਾਤਾ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਮਿਤ ਕੀਤੀ ਜਾਣ ਵਾਲੀ ਹੌਰਰ-ਥ੍ਰਿਲਰ-ਡਰਾਮਾ ਫਿਲਮ 'ਜੰਗਲ ਜੰਗਲ ਬਾਤ ਚਲੀ ਹੈ' ਦਾ ਨਿਰਦੇਸ਼ਨ ਪੰਜਾਬੀ ਸਿਨੇਮਾ ਦੇ ਖੇਤਰ 'ਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਟਾਈਗਰ ਹਰਮੀਕ ਸਿੰਘ ਅਤੇ ਮਨੀ ਬੋਪਾਰਾਏ ਕਰਨਗੇ, ਜੋ ਇਸ ਫਿਲਮ ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਨਵੀਂ ਅਤੇ ਸ਼ਾਨਦਾਰ ਸ਼ੁਰੂਆਤ ਵੱਲ ਵਧਣਗੇ।
'ਰਾਜਪਾਲ ਨਾਰੰਗ ਯਾਦਵ ਵੈਂਚਰ ਪ੍ਰਾਈ.ਲਿਮਿ' ਵੱਲੋਂ ਪੇਸ਼ ਕੀਤੀ ਜਾ ਰਹੀ ਇਹ ਮੰਨੋਰੰਜਕ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਰਾਜਪਾਲ ਯਾਦਵ ਖੁਦ ਕਾਫ਼ੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਉਨ੍ਹਾਂ ਤੋਂ ਇਲਾਵਾ ਪਾਲੀਵੁੱਡ ਦਾ ਚਰਚਿਤ ਚਿਹਰਾ ਬਣਦੇ ਜਾ ਰਹੇ ਇਸਪ੍ਰੀਤ ਸਿੰਘ ਕਪੂਰ ਅਤੇ ਬਿਹਤਰੀਨ ਅਦਾਕਾਰਾ ਦੇ ਤੌਰ ਉਤੇ ਚੌਖੀ ਭੱਲ ਕਾਇਮ ਕਰ ਚੁੱਕੀ ਮਨੀ ਬੋਪਾਰਾਏ ਵੀ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਇਲਾਕਿਆਂ ਧਰਮਸ਼ਾਲਾ ਅਤੇ ਮਕਲੋਡਗੰਜ਼ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਨਾਲ ਅਦਾਕਾਰ ਰਾਜਪਾਲ ਯਾਦਵ ਅਪਣੇ ਪ੍ਰੋਡੋਕਸ਼ਨ ਹਾਊਸ ਦਾ ਵੀ ਮੁੱਢ ਬੰਨ੍ਹਣ ਜਾ ਰਹੇ ਹਨ, ਜਿਸ ਅਧੀਨ ਬਣਾਈ ਜਾਣ ਇਹ ਉਨ੍ਹਾਂ ਦੀ ਪਹਿਲੀ ਨਿਰਮਿਤ ਫਿਲਮ ਹੋਵੇਗੀ, ਜਿਸ ਨੂੰ ਲੈ ਕੇ ਉਹ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਕਲਰਜ਼ ਦੇ ਆਨ-ਏਅਰ ਅਤੇ ਲੋਕਪ੍ਰਿਯ ਸੀਰੀਅਲ 'ਉਡਾਰੀਆਂ' ਵਿੱਚ ਵੀ ਇੰਨੀਂ ਦਿਨੀਂ ਅਹਿਮ ਭੂਮਿਕਾ ਅਦਾ ਕਰ ਰਹੇ ਹਨ ਟਾਈਗਰ ਹਰਮੀਕ ਸਿੰਘ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਪੰਜਾਬੀ ਫਿਲਮਾਂ 'ਤਵਿਤੜੀ' ਅਤੇ 'ਦਾ ਬਰਨਿੰਗ ਪੰਜਾਬ' ਵੀ ਜਲਦ ਵਰਲਡ ਵਾਈਡ ਰਿਲੀਜ਼ ਹੋਣ ਜਾਣ ਰਹੀਆਂ ਹਨ।
ਮੇਨ ਸਟ੍ਰੀਮ ਫਿਲਮਾਂ ਤੋਂ ਅਲਹਦਾ ਹੱਟ ਫਿਲਮਾਂ ਦਾ ਹਿੱਸਾ ਬਣਨ ਨੂੰ ਤਰਜੀਹ ਦੇ ਰਹੇ ਅਦਾਕਾਰ-ਨਿਰਦੇਸ਼ਕ ਟਾਈਗਰ ਹਰਮੀਕ ਸਿੰਘ ਅਨੁਸਾਰ ਉਨ੍ਹਾਂ ਦੀ ਉਕਤ ਪਹਿਲੀ ਹਿੰਦੀ ਫਿਲਮ ਵੀ ਵੱਖਰੇ ਅਤੇ ਦਿਲਚਸਪ ਕੰਨਸੈਪਟ ਅਧੀਨ ਬਣਾਈ ਜਾਵੇਗੀ, ਜਿੰਨ੍ਹਾਂ ਨੂੰ ਕਹਾਣੀ, ਨਿਰਦੇਸ਼ਨ, ਸਿਨੇਮਾਟੋਗ੍ਰਾਫ਼ਰੀ ਦੇ ਨਾਲ-ਨਾਲ ਤਕਨੀਕੀ ਪੱਖੋਂ ਵੀ ਉੱਚ ਪੱਧਰੀ ਮਾਪਦੰਢਾਂ ਅਧੀਨ ਸਾਹਮਣੇ ਲਿਆਂਦਾ ਜਾਵੇਗਾ।
ਸਿਨੇਮਾ ਗਲਿਆਰਿਆਂ ਵਿੱਚ ਅਨਾਊਸਮੈਂਟ ਪੜਾਅ ਤੋਂ ਚਰਚਾ ਅਤੇ ਖਿੱਚ ਦਾ ਕੇਂਦਰ ਬਣੀ ਇਸ ਫਿਲਮ ਨੂੰ ਲੈ ਅਪਣੇ ਵਲਵਲੇ ਬਿਆਨ ਕਰਦਿਆਂ ਟਾਈਗਰ ਹਰਮੀਕ ਸਿੰਘ ਨੇ ਕਿਹਾ ਕਿ ਰਾਜਪਾਲ ਯਾਦਵ ਜਿਹੇ ਦਿੱਗਜ ਐਕਟਰ ਨੂੰ ਨਿਰਦੇਸ਼ਿਤ ਕਰਨਾ ਅਤੇ ਉਨ੍ਹਾਂ ਵੱਲੋਂ ਹੀ ਨਿਰਮਿਤ ਕੀਤੀ ਜਾਣ ਵਾਲੀ ਫਿਲਮ ਦਾ ਹਿੱਸਾ ਬਣ ਉਹ ਅਤੇ ਮਨੀ ਬੋਪਾਰਾਏ ਕਾਫ਼ੀ ਮਾਣ ਮਹਿਸੂਸ ਕਰ ਰਹੇ ਹਨ।