ਚੰਡੀਗੜ੍ਹ: ਅਲਹਦਾ ਫਿਲਮਾਂ ਸਾਹਮਣੇ ਲਿਆਉਣ ਦੇ ਕੀਤੇ ਜਾ ਰਹੇ ਤਰੱਦਦ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਕੱਲ੍ਹ ਸਟ੍ਰੀਮ ਹੋਣ ਜਾ ਰਹੀ ਅਰਥ-ਭਰਪੂਰ ਪੰਜਾਬੀ ਲਘੂ ਫਿਲਮ 'ਬੀਜ', ਜਿਸ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਚਰਚਿਤ ਚਿਹਰੇ ਲੀਡਿੰਗ ਭੂਮਿਕਾਵਾਂ ਨਿਭਾਉਂਦੇ ਨਜ਼ਰੀ ਪੈਣਗੇ।
ਪੰਜਾਬੀ ਓਟੀਟੀ ਪਲੇਟਫ਼ਾਰਮ ਚੌਪਾਲ ਵੱਲੋਂ ਪੇਸ਼ ਅਤੇ ਸਟ੍ਰੀਮ ਕੀਤੀ ਜਾ ਰਹੀ ਇਸ ਪੰਜਾਬੀ ਲਘੂ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਸੁਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਅਪਣੀ ਇਸ ਡਾਇਰੈਕਟੋਰੀਅਲ ਫਿਲਮ ਨਾਲ ਇੱਕ ਨਵੀਂ ਅਤੇ ਪ੍ਰਭਾਵੀ ਫਿਲਮੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪਰਿਵਾਰਿਕ-ਡਰਾਮਾ ਕਹਾਣੀ ਅਧਾਰਿਤ ਇਸ ਲਘੂ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਅਤੇ ਮੰਝੇ ਹੋਏ ਕਲਾਕਾਰਾਂ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਕਰਮ ਕੌਰ, ਗੁਰਮੀਤ ਸਾਜਨ, ਜਰਨੈਲ ਸਿੰਘ, ਕੁਲਦੀਪ ਨਿਆਮੀ, ਨਿਮਰਿਤ ਕੰਬੋਜ਼, ਮਨਿੰਦਰ ਮੋਗਾ, ਪੰਕਜ ਸਭਰਵਾਲ ਆਦਿ ਸ਼ੁਮਾਰ ਹਨ।
'ਸ਼ਾਈਨ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਗਈ ਅਤੇ 22 ਜੁਲਾਈ 2024 ਨੂੰ ਸਾਹਮਣੇ ਆਉਣ ਜਾ ਰਹੀ ਇਸ ਪੰਜਾਬੀ ਲਘੂ ਫਿਲਮ ਸੰਬੰਧੀ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਕਰਦਿਆਂ ਲੀਡ ਅਦਾਕਾਰਾ ਕਰਮ ਕੌਰ ਨੇ ਦੱਸਿਆ ਕਿ ਕੀਤੇ ਹੋਏ ਕਰਮ ਦਾ ਹਿਸਾਬ ਏਸੇ ਜਨਮ 'ਚ ਦੇਣਾ ਪੈਣਾ ਦੀ ਟੈਗਲਾਇਨ ਅਧਾਰਿਤ ਇਸ ਲਘੂ ਫਿਲਮ ਨੂੰ ਕਾਫ਼ੀ ਦਿਲ-ਟੁੰਬਵੇਂ ਵਿਸ਼ੇ ਸਾਰ ਅਧੀਨ ਬਣਾਇਆ ਗਿਆ ਹੈ, ਜਿਸ ਨਾਲ ਉਸ ਸਮੇਤ ਸਾਰੇ ਕਲਾਕਾਰਾਂ ਲਈ ਕਾਫ਼ੀ ਯਾਦਗਾਰੀ ਅਤੇ ਮਾਣ ਭਰਿਆ ਤਜ਼ਰਬਾ ਰਿਹਾ ਹੈ।
ਪਾਲੀਵੁੱਡ ਦੀ ਵਰਸਟਾਈਲ ਅਦਾਕਾਰਾ ਵਜੋਂ ਲਗਾਤਾਰ ਨਵੇਂ ਅਯਾਮ ਕਾਇਮ ਕਰ ਰਹੀ ਇਸ ਹੋਣਹਾਰ ਅਦਾਕਾਰਾ ਅਨੁਸਾਰ ਸਮਾਜਿਕ ਸਰੋਕਾਰਾਂ ਨਾਲ ਜੁੜੀ ਇਸ ਪੰਜਾਬੀ ਫਿਲਮ ਸਮਾਜ ਵਿੱਚ ਉਸਾਰੂ ਚੇਤਨਾ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਏਗੀ, ਜਿਸ ਦੇ ਸਹਿ ਨਿਰਮਾਣਕਾਰ ਰੇਸ਼ਮ ਸਿੰਘ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਬਹੁ ਚਰਚਿਤ ਅਤੇ ਆਫ ਬੀਟ ਫਿਲਮਾਂ ਦਾ ਸ਼ਾਨਦਾਰ ਅਤੇ ਲੀਡਿੰਗ ਹਿੱਸਾ ਰਹੀ ਹੈ ਅਦਾਕਾਰਾ ਕਰਮ ਕੌਰ, ਜਿੰਨ੍ਹਾਂ ਨੇ ਅਪਣੀ ਇਸ ਨਵੀਂ ਫਿਲਮ ਵਿਚਲੇ ਕਿਰਦਾਰ ਸੰਬੰਧੀ ਗੱਲਬਾਤ ਕਰਦਿਆਂ ਅੱਗੇ ਦੱਸਿਆ, 'ਕਾਫ਼ੀ ਚੁਣੌਤੀਪੂਰਨ ਰੋਲ ਅਦਾ ਕਰ ਰਹੀ ਹਨ, ਜਿਸ ਨਾਲ ਦਰਸ਼ਕਾਂ ਨੂੰ ਅਪਣੇ ਨਵੇਂ ਅਦਾਕਾਰੀ ਸ਼ੇਡਜ਼ ਦਾ ਵੀ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਮੀਦ ਕਰਦੀ ਹਾਂ ਕਿ ਹਰ ਵਾਰ ਦੀ ਤਰ੍ਹਾਂ ਇਹ ਫਿਲਮ ਅਤੇ ਰੋਲ ਵੀ ਦਰਸ਼ਕ ਜ਼ਰੂਰ ਪਸੰਦ ਕਰਨਗੇ।'