ਚੰਡੀਗੜ੍ਹ: ਸਾਲ 2014 ਵਿੱਚ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਹੀਰੋਪੰਤੀ' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੇ ਅਦਾਕਾਰ ਰਾਂਝਾ ਵਿਕਰਮ ਸਿੰਘ ਅੱਜਕੱਲ੍ਹ ਪੰਜਾਬੀ ਸਿਨੇਮਾ ਵਿੱਚ ਵੀ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਹਨ, ਜਿੰਨ੍ਹਾਂ ਵੱਲੋਂ ਪਾਲੀਵੁੱਡ ਵਿੱਚ ਸਿਰਜੀਆਂ ਜਾ ਰਹੀ ਪੈੜਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਰੀ-ਰਿਲੀਜ਼ ਅਤੇ ਡਬ ਵਰਸ਼ਨ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਜ਼ਿੱਦੀ ਜੱਟ', ਜੋ ਜਲਦ ਹੀ ਮੁੜ ਸਿਨੇਮਾਘਰਾਂ ਵਿੱਚ ਦਸਤਕ ਦੇਣ ਜਾ ਰਹੀ ਹੈ।
'ਰਨਿੰਗ ਹੋਰਸ ਪਿਕਚਰਜ਼' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸਿਮਰਨਜੀਤ ਸਿੰਘ ਹੁੰਦਲ ਦੁਆਰਾ ਕੀਤਾ ਗਿਆ, ਜੋ 'ਜੱਟ ਬੁਆਏਜ਼ ਪੁੱਤ ਜੱਟਾਂ ਦੇ', 'ਗੰਨ ਐਂਡ ਗੋਲ', 'ਰੱਬਾ ਰੱਬਾ ਮੀਂਹ ਵਰਸਾ' ਜਿਹੀਆਂ ਕਈ ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਐਕਸ਼ਨ ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਵਿੱਚ ਰਾਂਝਾ ਵਿਕਰਮ ਸਿੰਘ, ਸਿੰਘਾ, ਸਾਰਾ ਗੁਰਪਾਲ ਅਤੇ ਮਸ਼ਹੂਰ ਬਾਲੀਵੁੱਡ ਅਦਾਕਾਰ ਪ੍ਰਦੀਪ ਰਾਵਤ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ। ਸਾਲ 2022 ਵਿੱਚ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਗਈ ਉਕਤ ਫਿਲਮ ਆਸ ਅਨੁਸਾਰ ਕਾਮਯਾਬੀ ਹਾਸਿਲ ਕਰਨ ਵਿੱਚ ਅਸਫ਼ਲ ਰਹੀ ਸੀ, ਜਿਸ ਨੂੰ ਪੰਜਾਬੀ ਸਿਨੇਮਾ ਦੇ ਸੁਖਦ ਹੋ ਰਹੇ ਮਾਹੌਲ ਬਾਅਦ ਹੁਣ ਮੁੜ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਮੱਦੇਨਜ਼ਰ ਫਿਲਮ ਦਾ ਹਿੰਦੀ ਡਬ ਵਰਸ਼ਨ ਵੀ ਸਾਹਮਣੇ ਲਿਆਂਦਾ ਜਾ ਰਿਹਾ ਹੈ, ਤਾਂਕਿ ਦਰਸ਼ਕ ਦਾਇਰੇ ਨੂੰ ਵੱਧ ਤੋਂ ਵੱਧ ਵਿਸਥਾਰ ਦਿੱਤਾ ਜਾ ਸਕੇ।