ਚੰਡੀਗੜ੍ਹ: ਸਾਊਥ ਸਿਨੇਮਾ ਦੀ ਇੱਕ ਹੋਰ ਵੱਡੀ ਪੈਨ ਇੰਡੀਆ ਫਿਲਮ ਵਜੋਂ ਸਾਹਮਣੇ ਆ ਰਹੀ ਹੈ ਰਾਮ ਚਰਨ ਸਟਾਰਰ ਬਹੁ-ਚਰਚਿਤ ਫਿਲਮ 'ਗੇਮ ਚੇਂਜਰ', ਜਿਸ ਦਾ ਪਹਿਲਾਂ ਅਤੇ ਚਰਚਿਤ ਗਾਣਾ 'ਜਰਗੰਡੀ' ਅੱਜ 27 ਮਾਰਚ ਨੂੰ ਜਾਰੀ ਕੀਤਾ ਗਿਆ ਹੈ, ਜਿਸ ਨੂੰ ਮਸ਼ਹੂਰ ਪੰਜਾਬੀ ਗਾਇਕ ਦਲੇਰ ਮਹਿੰਦੀ ਵੱਲੋਂ ਆਪਣੀ ਆਵਾਜ਼ ਦਿੱਤੀ ਗਈ ਹੈ।
'ਸ਼੍ਰੀ ਵੈਂਕਟੇਸ਼ਵਰ ਕ੍ਰਿਏਸ਼ਨਜ' ਦੁਆਰਾ ਨਿਰਮਿਤ ਕੀਤੀ ਗਈ ਇਸ ਬਿੱਗ ਸੈਟਅੱਪ ਅਤੇ ਸ਼ਾਨਦਾਰ ਫਿਲਮ ਦਾ ਜਾਰੀ ਹੋਣ ਜਾ ਰਿਹਾ ਗੀਤ ਕਈ ਮਾਅਨਿਆਂ ਤੋਂ ਖਾਸ ਕਿਹਾ ਜਾ ਸਕਦਾ ਹੈ, ਜਿਸ ਦੀ ਰਿਲੀਜ਼ ਪਿਛਲੇ ਕਾਫ਼ੀ ਸਮੇਂ ਤੋਂ ਟਲਦੀ ਆ ਰਹੀ ਹੈ, ਕਿਉਂਕਿ ਇਸ ਦੀ ਲੀਕੇਜ਼ ਅਸ਼ੰਕਾ ਸੰਬੰਧਤ ਪ੍ਰੋਡੋਕਸ਼ਨ ਹਾਊਸ ਵੱਲੋਂ ਜਤਾਈ ਗਈ ਸੀ ਅਤੇ ਇਸੇ ਮੱਦੇਨਜ਼ਰ ਇਸ ਗਾਣੇ ਦੀ ਰਿਲੀਜਿੰਗ ਨੂੰ ਲਗਾਤਾਰ ਟਾਲਿਆ ਜਾ ਰਿਹਾ ਸੀ, ਜੋ ਆਖਿਰਕਾਰ ਸਾਹਮਣੇ ਆ ਗਿਆ ਹੈ।
ਸਿਨੇਮਾ ਗਲਿਆਰਿਆਂ ਵਿੱਚ ਅਥਾਹ ਸੁਰਖ਼ੀਆਂ ਦਾ ਕੇਂਦਰਬਿੰਦੂ ਬਣਦੇ ਆ ਰਹੇ ਉਕਤ ਗਾਣੇ ਵਿਚਲੀ ਜਾਰੀ ਦੇਰੀ ਦਾ ਇੱਕ ਹੋਰ ਅਹਿਮ ਕਾਰਨ ਆਡੀਓ ਅਧਿਕਾਰਾਂ ਦੇ ਸੰਗੀਤਕ ਕੰਪਨੀ ਤਬਾਦਲੇ ਆਦਿ ਨੂੰ ਮੰਨਿਆ ਜਾ ਰਿਹਾ ਹੈ, ਜਿਸ ਸੰਬੰਧਤ ਸਾਰੇ ਮਾਮਲੇ ਸੁਲਝਾਉਣ ਬਾਅਦ ਹੁਣ ਇਹ ਗਾਣਾ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਦੀ ਰਚਨਾ ਮੰਨੇ ਪ੍ਰਮੰਨੇ ਗੀਤਕਾਰ ਐਸ ਥਮਨ ਦੁਆਰਾ ਕੀਤੀ ਗਈ ਹੈ, ਜਦਕਿ ਇਸ ਨੂੰ ਪਿੱਠਵਰਤੀ ਅਵਾਜ਼ਾਂ ਪੰਜਾਬੀ ਰੌਕ ਮੰਨੇ ਜਾਂਦੇ ਬਿਹਤਰੀਨ ਗਾਇਕ ਦਲੇਰ ਮਹਿੰਦੀ ਅਤੇ ਗਾਇਕਾ ਗੀਤਾ ਮਾਧੁਰੀ ਦੁਆਰਾ ਦਿੱਤੀਆਂ ਗਈਆਂ ਹਨ।