ਅੰਮ੍ਰਿਤਸਰ: ਸੂਬੇ ਦੀ ਕਾਨੂੰਨ ਵਿਵਸਥਾ ਪਹਿਲਾਂ ਹੀ ਸਵਾਲਾਂ ਦੇ ਘੇਰੇ ਵਿੱਚ ਹੈ ਅਤੇ ਇੱਕ ਹੋਰ ਮਾਮਲੇ ਨੇ ਪੁਲਿਸ ਦੀ ਚਿੰਤਾ ਵਧਾ ਦਿੱਤੀ ਹੈ। ਦਰਅਸਲ ਦਿਨ ਦਿਹਾੜੇ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ਾਂ ਨੇ ਇੱਕ ਨੌਜਵਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਰਾਊਂਡ ਫਾਇਰ ਕੀਤੇ ਅਤੇ ਨੌਜਵਾਨ ਜ਼ਖਮੀ ਹੋ ਗਿਆ। ਨੌਜਵਾਨ ਦੀ ਜਾਨ ਬਚ ਗਈ ਪਰ ਉਸ ਦੇ ਪੈਰ ਵਿੱਚ ਗੋਲੀ ਲੱਗਣ ਕਰਕੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਪਛਾਣ ਆਕਾਸ਼ਦੀਪ ਵਜੋਂ ਹੋਈ ਹੈ।
ਪੀੜਤ ਪਰਿਵਾਰ ਨੇ ਮੰਗਿਆ ਇਨਸਾਫ
ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਫਿਰ ਪਤਾ ਨਹੀਂ ਕਿਉਂ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਜ਼ਖਮੀ ਨੌਜਵਾਨ ਦੀ ਨਾਨੀ ਨੇ ਦੱਸਿਆ ਕਿ ਨੌਜਵਾਨ ਦੇ ਪਿਤਾ ਰਾਮਚਰਨ ਨੂੰ ਪਹਿਲਾਂ ਹੀ ਕਿਸੇ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਅੱਜ ਉਸ ਦੇ ਬੇਟੇ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਮਾਰੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਨੂੰਨ ਸਾਡੇ ਪਰਿਵਾਰ ਨੂੰ ਇਨਸਾਫ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਤ ਦਿਨ ਕਤਲ ਹੋ ਰਹੇ ਹਨ ਤੇ ਗੋਲੀਆਂ ਚੱਲ ਰਹੀਆਂ ਹਨ।
ਡੇਢ ਸਾਲ ਪਹਿਲਾਂ ਪਿਤਾ ਦਾ ਹੋਇਆ ਸੀ ਕਤਲ
ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪੁਲਿਸ ਨੇ ਕਿਹਾ ਕਿ ਨੌਜਵਾਨ ਉਤੇ ਅਣਪਛਾਤਿਆਂ ਵੱਲੋਂ 10 ਤੋਂ 12 ਰਾਊਂਡ ਫਾਇਰ ਕੀਤੇ ਗਏ ਹਨ ਜਿਸ ਵਿੱਚ ਨੌਜਵਾਨ ਅਕਾਸ਼ ਦੀ ਜਾਨ ਬਚ ਗਈ ਹੈ ਪਰ ਗੋਲੀ ਪੈਰ 'ਤੇ ਲੱਗਣ ਕਾਰਨ ਉਹ ਅਜੇ ਹਸਪਤਾਲ 'ਚ ਹੈ। ਇਸ ਦੇ ਨਾਲ ਹੀ ਪੁਲਿਸ ਨੇ ਭਰੋਸਾ ਦਵਾਇਆ ਹੈ ਕਿ ਜਲਦ ਹੀ ਪੂਰੇ ਮਾਮਲੇ ਦੀ ਪੜਤਾਲ ਕਰਕੇ ਦੋਸ਼ੀਆਂ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਕਾਬੂ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਕਾਨੂੰਨ ਵਿਵਸਥਾ 'ਤੇ ਪੁਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਪੁਲਿਸ ਨੇ ਕਿਹਾ ਕਿ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਕੋਲ ਨਜਾਇਜ਼ ਹਥਿਆਰ ਹਨ ਜਾਂ ਕਿਸੇ ਅਪਰਾਧਿਕ ਗਤੀਵਿਧੀ 'ਚ ਸ਼ਮੂਲੀਅਤ ਹੈ ਤਾਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ, ਪੁਲਿਸ ਉਕਤ ਵਿਅਕਤੀ ਦਾ ਨਾਮ ਗੁਪਤ ਰੱਖੇਗੀ।
ਜ਼ਿਕਰਯੋਗ ਹੈ ਕਿ ਬੀਤੀ ਰਾਤ ਵੀ ਜੰਡਿਆਲਾ ਗੁਰੂ ਵਿੱਚ ਕਾਂਗਰਸ ਆਗੂ ਦੇ ਉੱਪਰ ਗੋਲੀਆਂ ਚੱਲੀਆਂ ਸਨ ਅਤੇ ਇਸ ਦਾ ਕਾਰਨ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ। ਜਿਸ ਦੇ ਵਿੱਚ ਤੇਜ਼ਧਾਰ ਹਥਿਆਰ ਵੀ ਵਰਤੇ ਗਏ। ਇਸ 'ਚ ਇੱਕ ਵਿਅਕਤੀ ਜ਼ਖਮੀ ਹੋਇਆ, ਜਿਸ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਭੇਜਿਆ ਗਿਆ।