ਚੰਡੀਗੜ੍ਹ:ਭਾਵੇਂ ਪੰਜਾਬੀ ਫਿਲਮਾਂ ਦਾ ਗਲੈਮਰ ਬਾਲੀਵੁੱਡ ਫਿਲਮਾਂ ਦੇ ਮੁਕਾਬਲੇ ਫਿੱਕਾ ਪੈਂਦਾ ਹੈ ਪਰ ਇਨ੍ਹਾਂ ਦੀਆਂ ਅਦਾਕਾਰਾਂ ਦੀ ਖੂਬਸੂਰਤੀ ਬੀ-ਟਾਊਨ ਦੀਆਂ ਅਦਾਕਾਰਾਂ ਤੋਂ ਘੱਟ ਨਹੀਂ ਹੈ। ਅੱਜ ਕੱਲ੍ਹ ਪੰਜਾਬੀ ਗੀਤ ਵੀ ਕਾਫੀ ਟ੍ਰੈਂਡ ਵਿੱਚ ਹਨ। ਗੁਰੂ ਰੰਧਾਵਾ, ਐਮੀ ਵਿਰਕ, ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ ਵਰਗੇ ਕਾਫੀ ਸਾਰੇ ਪੰਜਾਬੀ ਗਾਇਕ ਹੁਣ ਬਾਲੀਵੁੱਡ ਫਿਲਮਾਂ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਨਾ ਸਿਰਫ਼ ਆਪਣੇ ਗੀਤਾਂ ਰਾਹੀਂ ਸਗੋਂ ਆਪਣੀ ਅਦਾਕਾਰੀ ਰਾਹੀਂ ਵੀ ਬਾਲੀਵੁੱਡ ਵਿੱਚ ਡੂੰਘੀ ਛਾਪ ਛੱਡੀ ਹੈ।
ਦੂਜੇ ਪਾਸੇ ਹਿੰਦੀ ਸੀਰੀਅਲਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਵਿੱਚ ਵੀ ਕਈ ਟੀਵੀ ਕਲਾਕਾਰ ਨਜ਼ਰ ਆਉਂਦੇ ਹਨ। ਹਾਲਾਂਕਿ ਇੱਥੇ ਅਸੀਂ ਉਨ੍ਹਾਂ ਅਦਾਕਾਰਾਂ ਦੀ ਗੱਲ ਕਰ ਰਹੇ ਹਾਂ ਜਿਨ੍ਹਾਂ ਨੇ ਪੰਜਾਬੀ ਸਿਨੇਮਾ ਰਾਹੀਂ ਆਪਣੀ ਪਛਾਣ ਬਣਾਈ ਹੈ। ਇਹ ਅਦਾਕਾਰਾਂ ਵੀ ਕਿਸੇ ਪੱਖੋਂ ਬਾਲੀਵੁੱਡ ਅਦਾਕਾਰਾਂ ਤੋਂ ਘੱਟ ਨਹੀਂ ਹਨ। ਭਾਵੇਂ ਉਹ ਸੁੰਦਰਤਾ ਹੋਵੇ, ਅਦਾਕਾਰੀ ਹੋਵੇ ਜਾਂ ਗਲੈਮਰਸ ਸਟਾਈਲ।
ਨੀਰੂ ਬਾਜਵਾ:ਵਿਦੇਸ਼ੀ ਧਰਤੀ ਕੈਨੇਡਾ ਵਿੱਚ ਜਨਮੀ ਨੀਰੂ ਬਾਜਵਾ ਇੱਕ ਪ੍ਰਸਿੱਧ ਪੰਜਾਬੀ ਅਦਾਕਾਰਾ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1998 ਵਿੱਚ ਦੇਵ ਆਨੰਦ ਦੀ ਬਾਲੀਵੁੱਡ ਫਿਲਮ ‘ਮੈਂ ਸੋਲ੍ਹ ਬਰਸ ਕੀ’ ਨਾਲ ਕੀਤੀ ਸੀ ਪਰ ਬਾਅਦ ਵਿੱਚ ਉਹ ਪੰਜਾਬੀ ਫਿਲਮਾਂ ਵੱਲ ਮੁੜ ਗਈ। ਨੀਰੂ ਬਾਜਵਾ ਨੇ ਦਿਲਜੀਤ ਦੁਸਾਂਝ ਨਾਲ ਕਈ ਪੰਜਾਬੀ ਫਿਲਮਾਂ 'ਚ ਕੰਮ ਕੀਤਾ ਹੈ। ਇਸ ਸਮੇਂ ਅਦਾਕਾਰਾ ਸਤਿੰਦਰ ਸਰਤਾਜ ਨਾਲ ਫਿਲਮ ਨੂੰ ਲੈ ਕੇ ਸੁਰਖ਼ੀਆਂ ਵਿੱਚ ਹੈ।
ਸਰਗੁਣ ਮਹਿਤਾ: ਮਸ਼ਹੂਰ ਅਦਾਕਾਰਾ ਸਰਗੁਣ ਮਹਿਤਾ ਨੇ ਪੰਜਾਬੀ ਸਿਨੇਮਾ ਜਗਤ ਵਿੱਚ ਆਪਣੀ ਕਾਮਯਾਬੀ ਸਥਾਪਤ ਕੀਤੀ ਹੈ। ਇਸ ਅਦਾਕਾਰਾ ਨੇ ਆਪਣੀ ਅਦਾਕਾਰੀ ਨਾਲ ਪੰਜਾਬੀ ਫਿਲਮ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ ਅਤੇ ਉਹ ਇੱਥੋਂ ਦੀ ਮੋਹਰੀ ਅਦਾਕਾਰਾ ਹੈ। ਉਹ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸਰਗੁਣ ਜਿੰਨੀ ਦਿੱਖ 'ਚ ਖੂਬਸੂਰਤ ਹੈ, ਉਸ ਦੀ ਐਕਟਿੰਗ ਵੀ ਓਨੀ ਹੀ ਸ਼ਾਨਦਾਰ ਹੈ। ਮਹਿਤਾ ਨੇ 'ਲਵ ਪੰਜਾਬ', 'ਕਿਸਮਤ', 'ਕਾਲਾ ਸ਼ਾਹ ਕਾਲਾ' ਵਰਗੀਆਂ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਅਦਾਕਾਰਾ ਇਸ ਸਮੇਂ ਗਿੱਪੀ ਗਰੇਵਾਲ ਨਾਲ ਫਿਲਮ 'ਜੱਟ ਨੂੰ ਚੁੜੈਲੀ ਟੱਕਰੀ' ਨੂੰ ਲੈ ਕੇ ਚਰਚਾ ਵਿੱਚ ਹੈ।