ਚੰਡੀਗੜ੍ਹ: ਪਾਲੀਵੁੱਡ ਤੋਂ ਅਦਾਕਾਰੀ ਸਫ਼ਰ ਦਾ ਅਗਾਜ਼ ਕਰਨ ਵਾਲੇ ਬਹੁ-ਪੱਖੀ ਅਦਾਕਾਰ ਸੋਨੂੰ ਸੂਦ ਅੱਜ ਬਾਲੀਵੁੱਡ ਦੇ ਟੌਪ ਸਿਤਾਰਿਆਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜੋ ਲੰਮੇਂ ਵਕਫ਼ੇ ਬਾਅਦ ਅਪਣੀ ਨਵੀਂ ਹਿੰਦੀ ਫਿਲਮ 'ਫ਼ਤਹਿ' ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਟੀਜ਼ਰ ਅੱਜ ਜਾਰੀ ਹੋ ਗਿਆ ਹੈ।
'ਜੀ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕ੍ਰਾਈਮ-ਡਰਾਮਾ ਫਿਲਮ ਦਾ ਨਿਰਮਾਣ ਸੋਨੂੰ ਸੂਦ ਵੱਲੋਂ ਅਪਣੇ 'ਘਰੇਲੂ ਹੋਮ ਪ੍ਰੋਡੋਕਸ਼ਨ ਹਾਊਸ ਸ਼ਕਤੀ ਸਾਗਰ ਪ੍ਰੋਡੋਕਸ਼ਨ' ਦੇ ਬੈਨਰ ਹੇਠ ਕੀਤਾ ਗਿਆ ਹੈ, ਜਿੰਨ੍ਹਾਂ ਦੀ ਨਿਰਮਾਤਾ ਦੇ ਰੂਪ ਵਿੱਚ ਇਹ ਦੂਸਰੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ਤਮੰਨਾ ਭਾਟੀਆ ਅਤੇ ਪ੍ਰਭੂ ਦੇਵਾ ਸਟਾਰਰ ਬਹੁ-ਭਾਸ਼ਾਈ ਫਿਲਮ 'ਤੂਤਕ ਤੂਤਕ ਤੂਤੀਆ' ਵੀ ਨਿਰਮਿਤ ਕਰ ਚੁੱਕੇ ਹਨ।
10 ਜਨਵਰੀ 2025 ਨੂੰ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਇਸ ਬਿੱਗ ਸੈੱਟਅਪ ਫਿਲਮ ਵਿੱਚ ਸੋਨੂੰ ਸੂਦ ਅਤੇ ਜੈਕਲਿਨ ਫਰਨਾਂਡਿਸ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਨਸੀਰੂਦੀਨ ਸ਼ਾਹ, ਸ਼ੀਬਾ ਅਕਾਸ਼ਦੀਪ, ਵਿਜੇ ਰਾਜ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।