ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਮ ਕਪੂਰ ਹੁਣ ਫਿਲਮਾਂ ਤੋਂ ਦੂਰ ਆਪਣੇ ਪਰਿਵਾਰਕ ਜੀਵਨ ਦਾ ਆਨੰਦ ਮਾਣ ਰਹੀ ਹੈ। ਸੋਨਮ ਨੇ ਸਾਲ 2018 'ਚ ਬਿਜ਼ਨੈੱਸਮੈਨ ਆਨੰਦ ਆਹੂਜਾ ਨਾਲ ਵਿਆਹ ਕੀਤਾ ਸੀ ਅਤੇ ਸਾਲ 2022 'ਚ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।
ਇਸ ਦੇ ਨਾਲ ਹੀ ਹਾਲ ਹੀ 'ਚ ਦਿੱਤੇ ਇੱਕ ਇੰਟਰਵਿਊ 'ਚ ਸੋਨਮ ਕਪੂਰ ਨੇ ਆਪਣੀ ਸਿਹਤ ਅਤੇ ਡਿਲੀਵਰੀ ਤੋਂ ਬਾਅਦ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਅਦਾਕਾਰਾ ਨੇ ਇਹ ਵੀ ਦੱਸਿਆ ਹੈ ਕਿ ਉਹ ਆਪਣੇ ਪਹਿਲੇ ਬੱਚੇ ਤੋਂ ਬਾਅਦ ਸਰੀਰਕ ਤੌਰ 'ਤੇ ਇੰਨੀ ਪਰੇਸ਼ਾਨ ਸੀ ਕਿ ਉਹ ਸਦਮੇ 'ਚ ਵੀ ਚਲੀ ਗਈ ਸੀ।
ਤੁਹਾਨੂੰ ਦੱਸ ਦੇਈਏ ਕਿ 38 ਸਾਲਾਂ ਸੋਨਮ ਕਪੂਰ ਨੇ 20 ਅਗਸਤ 2022 ਨੂੰ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ, ਜਿਸ ਦਾ ਨਾਂ ਵਾਯੂ ਕਪੂਰ ਆਹੂਜਾ ਹੈ। ਅਦਾਕਾਰਾ ਨੇ ਖੁਲਾਸਾ ਕੀਤਾ ਕਿ ਵਾਯੂ ਹੋਣ ਤੋਂ ਬਾਅਦ ਉਸ ਦਾ ਭਾਰ 32 ਕਿਲੋ ਵੱਧ ਗਿਆ ਸੀ ਅਤੇ ਉਹ ਆਪਣੇ ਵਧਦੇ ਵਜ਼ਨ ਤੋਂ ਪਰੇਸ਼ਾਨ ਹੋ ਰਹੀ ਸੀ ਅਤੇ ਸਦਮੇ 'ਚ ਸੀ।
ਖਬਰਾਂ ਮੁਤਾਬਕ ਡਿਲੀਵਰੀ ਤੋਂ ਬਾਅਦ ਆਪਣੇ ਵਧਦੇ ਵਜ਼ਨ 'ਤੇ ਅਦਾਕਾਰਾ ਨੇ ਕਿਹਾ, 'ਮੈਂ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਹੈ, ਡਿਲੀਵਰੀ ਤੋਂ ਬਾਅਦ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਭਾਰ ਤੇਜ਼ੀ ਨਾਲ ਵੱਧ ਰਿਹਾ ਹੈ, ਜੋ 32 ਕਿਲੋ ਵੱਧ ਗਿਆ ਸੀ, ਮੈਂ ਇਹ ਸੋਚ ਕੇ ਬਹੁਤ ਹੈਰਾਨ ਹੋਈ ਕਿ ਇਸ ਸਮੇਂ ਦੌਰਾਨ ਬੇਬੀ ਕੇਅਰ ਪਹਿਲੀ ਪਸੰਦ ਹੁੰਦੀ ਹੈ ਅਤੇ ਆਪਣੇ ਵੱਲ ਧਿਆਨ ਦੇਣ ਦਾ ਸਮਾਂ ਨਹੀਂ ਹੁੰਦਾ ਪਰ ਜਿਵੇਂ-ਜਿਵੇਂ ਵਾਯੂ ਵੱਡਾ ਹੁੰਦਾ ਗਿਆ, ਮੈਂ ਆਪਣੇ ਆਪ ਨੂੰ ਸਮਾਂ ਦੇਣਾ ਸ਼ੁਰੂ ਕਰ ਦਿੱਤਾ ਅਤੇ ਇਸ ਨੂੰ ਕਾਬੂ ਕਰਨ ਵਿੱਚ ਮੈਨੂੰ ਡੇਢ ਸਾਲ ਲੱਗ ਗਿਆ।'