ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਅਤੇ ਕਾਮਯਾਬ ਫਿਲਮਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਵਿਜੇ ਕੁਮਾਰ ਅਰੋੜਾ, ਜਿੰਨ੍ਹਾਂ ਵੱਲੋਂ ਬਾਲੀਵੁੱਡ 'ਚ ਆਪਣੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜੋ ਅਜੇ ਦੇਵਗਨ ਪ੍ਰੋਡੋਕਸ਼ਨ ਵੱਲੋਂ ਬਣਾਈ ਜਾ ਰਹੀ ਬਹੁ ਚਰਚਿਤ ਸੀਕਵਲ ਫਿਲਮ 'ਸਨ ਆਫ਼ ਸਰਦਾਰ 2' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ।
ਹਿੰਦੀ ਸਿਨੇਮਾ ਦੇ ਬਿਹਤਰੀਨ ਸਿਨੇਮਾਟੋਗ੍ਰਾਫ਼ਰਜ਼ ਵਜੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਇਹ ਅਜ਼ੀਮ ਕੈਮਰਾਮੈਨ, ਜੋ ਪਾਲੀਵੁੱਡ ਦੇ ਬਤੌਰ ਨਿਰਦੇਸ਼ਕ ਹਾਲੀਆ ਸਫ਼ਰ ਦੌਰਾਨ ਕਈ ਸੁਪਰ ਡੁਪਰ ਹਿੱਟ ਅਤੇ ਬਹੁ ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕਲੀ ਜੋਟਾ', 'ਗੋਡੇ ਗੋਡੇ ਚਾਅ', 'ਪਾਣੀ 'ਚ ਮਧਾਣੀ', 'ਹਰਜੀਤਾ', 'ਗੁੱਡੀਆਂ ਪਟੋਲੇ', 'ਰੋਂਦੇ ਸਾਰੇ ਵਿਆਹ ਪਿੱਛੋਂ' ਆਦਿ ਸ਼ੁਮਾਰ ਰਹੀਆਂ ਹਨ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਕੈਮਰਾਮੈਨ ਦੇ ਤੌਰ ਉਤੇ ਕੀਤੀਆਂ ਹਿੰਦੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਫਾਲਤੂ', 'ਡੂ ਨਾਟ ਡਸਟਰਬ', 'ਲਵ ਸਟੋਰੀ 2050', 'ਦੇਹਾ', 'ਧਮਾਲ', 'ਸਟਰਗਲ', 'ਏ ਫਲਾਇੰਗ ਜੱਟ' ਆਦਿ ਸ਼ਾਮਿਲ ਹਨ।
ਬਾਲੀਵੁੱਡ ਅਤੇ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ 'ਦਾਦੂ' ਦੇ ਨਾਂਅ ਨਾਲ ਸਤਿਕਾਰੇ ਅਤੇ ਸੰਬੋਧਿਤ ਕੀਤੇ ਜਾਂਦੇ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੇ ਫਿਲਮੀ ਕਰੀਅਰ ਲਈ ਬੀਤੇ ਦੋ ਵਰ੍ਹੇ ਇੱਕ ਨਵੇਂ ਟਰਨਿੰਗ ਪੁਆਇੰਟ ਵਾਂਗ ਰਹੇ ਹਨ, ਜਿਸ ਦੌਰਾਨ ਉਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਕਈ ਪੰਜਾਬੀ ਫਿਲਮਾਂ ਜਿੱਥੇ ਬਹੁ-ਕਰੋੜੀ ਸਿਨੇਮਾ ਕਾਰੋਬਾਰ ਕਰਨ ਵਿੱਚ ਸਫ਼ਲ ਰਹੀਆਂ ਹਨ, ਉਥੇ ਅਜੇ ਦੇਵਗਨ ਦੇ ਹੋਮ ਪ੍ਰੋਡਕਸ਼ਨ ਵੱਲੋਂ 'ਸੰਨ ਆਫ ਸਰਦਾਰ 2' ਲਈ ਬਤੌਰ ਨਿਰਦੇਸ਼ਕ ਚੁਣਿਆ ਜਾਣਾ ਵੀ ਵੱਡੀ ਪ੍ਰਾਪਤੀ ਵਾਂਗ ਰਿਹਾ ਹੈ।
2012 ਵਿੱਚ ਰਿਲੀਜ਼ ਹੋਈ ਕਾਮੇਡੀ ਡਰਾਮਾ ਅਤੇ ਐਕਸ਼ਨ ਫਿਲਮ 'ਸਨ ਆਫ ਸਰਦਾਰ' ਦੇ ਸੀਕਵਲ ਦੇ ਤੌਰ ਉਤੇ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਦੇ ਇਸੇ ਮਹੀਨੇ ਦੇ ਅੰਤਲੇ ਦਿਨਾਂ ਵਿੱਚ ਲੰਦਨ ਵਿਖੇ ਸੈੱਟ ਉਤੇ ਜਾਣ ਦੀ ਸੰਭਾਵਨਾ ਹੈ, ਜਿਸ ਵਿੱਚ ਅਜੇ ਦੇਵਗਨ, ਸੰਜੇ ਦੱਤ ਅਤੇ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹੋਰ ਅਹਿਮ ਪਹਿਲੂਆਂ ਦਾ ਰਸਮੀ ਖੁਲਾਸਾ ਨਿਰਮਾਣ ਹਾਊਸ ਵੱਲੋਂ ਜਲਦ ਕੀਤਾ ਜਾਵੇਗਾ।