ਹੈਦਰਾਬਾਦ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਇੱਕ ਹੋਰ ਤੌਹਫ਼ਾ ਮਿਲਿਆ ਹੈ। ਸਿੱਧੂ ਮੂਸੇਵਾਲਾ ਦਾ ਨਵਾਂ ਗੀਤ Dilemma ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ 'ਚ ਬ੍ਰਿਟਿਸ਼ ਗਾਇਕਾਂ ਸਟੈਫਲੋਨ ਡੌਨ ਲੀਡ ਗਾਇਕਾਂ ਹੈ ਅਤੇ ਮੂਸੇਵਾਲਾ ਦੀਆਂ ਇਸ ਗੀਤ 'ਚ ਕੁਝ ਲਾਈਨਾਂ ਜੋੜੀਆਂ ਗਈਆਂ ਹਨ। ਹਾਲਾਂਕਿ, ਇਸ ਪੂਰੇ ਗੀਤ ਦੀ ਸ਼ੂਟਿੰਗ ਪਿੰਡ ਮੂਸੇ 'ਚ ਹੋਈ ਹੈ। ਇਸ ਗੀਤ ਰਾਹੀ ਮੂਸੇਵਾਲਾ ਲਈ ਨਿਆਂ ਦੀ ਮੰਗ ਕੀਤੀ ਜਾ ਰਹੀ ਹੈ।
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਮੂਸੇਵਾਲਾ ਦੇ ਜਨਮਦਿਨ ਮੌਕੇ ਬ੍ਰਿਟਿਸ਼ ਗਾਇਕਾਂ ਸਟੈਫਲੋਨ ਡੌਨ ਪੰਜਾਬ ਆਈ ਸੀ ਅਤੇ ਉਸ ਸਮੇਂ ਹੀ ਇਸ ਗੀਤ ਦੀ ਸ਼ੂਟਿੰਗ ਕੀਤੀ ਗਈ ਸੀ। ਇਸ ਗੀਤ 'ਚ ਸਟੈਫਲੋਨ ਨੇ ਆਪਣੇ ਪੰਜਾਬ ਟੂਰ ਦੇ ਸ਼ਾਰਟਸ ਜੋੜੇ ਹਨ। ਇਸ 'ਚ ਬ੍ਰਿਟਿਸ਼ ਗਾਇਕਾਂ ਸਟੈਫਲੋਨ ਡੌਨ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਵੀ ਨਜ਼ਰ ਆ ਰਹੀ ਹੈ।
AI ਦਾ ਇਸਤੇਮਾਲ: ਗੀਤ Dilemma 'ਚ AI ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਗੀਤ 'ਚ ਜਦੋ ਮੂਸੇਵਾਲਾ ਦੀਆਂ ਲਾਈਨਾਂ ਨੂੰ ਜੋੜਿਆ ਗਿਆ, ਉਸ ਸਮੇਂ AI ਦਾ ਇਸਤੇਮਾਲ ਕਰਕੇ ਮੂਸੇਵਾਲਾ ਨੂੰ ਸਟੈਫਲੋਨ ਦੇ ਨਾਲ ਦਿਖਾਇਆ ਗਿਆ ਹੈ। ਇਸ ਗੀਤ 'ਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੀ ਨਜ਼ਰ ਆ ਰਹੇ ਹਨ, ਜਿਸ 'ਚ ਉਹ ਆਪਣੇ ਬੇਟੇ ਲਈ ਨਿਆਂ ਦੀ ਮੰਗ ਕਰ ਰਹੇ ਹਨ।
SYL ਨੂੰ ਭਾਰਤ 'ਚ ਕੀਤਾ ਗਿਆ ਸੀ ਬੈਨ: ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਕੁੱਲ 5 ਗੀਤ ਰਿਲੀਜ਼ ਕੀਤੇ ਜਾ ਚੁੱਕੇ ਹਨ। ਇਸਦੇ ਨਾਲ ਹੀ, ਉਨ੍ਹਾਂ ਦਾ ਇੱਕ ਗੀਤ ਭਾਰਤ 'ਚ ਬੈਨ ਵੀ ਕੀਤਾ ਗਿਆ ਸੀ। ਦੱਸ ਦਈਏ ਕਿ 23 ਜੂਨ 2022 ਨੂੰ SYL ਗੀਤ ਰਿਲੀਜ਼ ਹੋਇਆ ਸੀ, ਜਿਸ 'ਚ ਮੂਸੇਵਾਲਾ ਨੇ ਪੰਜਾਬ ਦੇ ਪਾਣੀ ਦੇ ਮੁੱਦੇ ਨੂੰ ਚੁੱਕਿਆ ਸੀ। ਇਸ ਗੀਤ 'ਤੇ ਬਹੁਤ ਘੱਟ ਸਮੇਂ 'ਚ 2.7 ਕਰੋੜ ਦੇ ਕਰੀਬ ਵਿਊਜ਼ ਆ ਗਏ ਸੀ। ਇਸ ਤੋਂ ਬਾਅਦ ਹੀ ਇਸ ਗੀਤ ਨੂੰ ਭਾਰਤ 'ਚ ਬੈਨ ਕਰ ਦਿੱਤਾ ਗਿਆ ਸੀ।