ਚੰਡੀਗੜ੍ਹ:ਬਾਲੀਵੁੱਡ ਦੀਆਂ ਚਰਚਿਤ ਅਦਾਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੀ ਸ਼ਹਿਨਾਜ਼ ਕੌਰ ਗਿੱਲ ਇੰਨੀਂ ਦਿਨੀਂ ਕੈਨੈਡਾ ਅਤੇ ਯੂਐਸ ਦੇ ਵਿਸ਼ੇਸ਼ ਦੌਰੇ ਉਤੇ ਹੈ, ਜਿਸ ਦੇ ਮੱਦੇਨਜ਼ਰ ਹੀ ਅੱਜ ਸ਼ਾਮ ਵੈਨਕੂਵਰ ਸੂਬੇ ਵਿਖੇ ਹੋਣ ਜਾ ਰਹੇ ਸ਼ਾਨਦਾਰ ਪ੍ਰੋਗਰਾਮ ਦਾ ਵੀ ਹਿੱਸਾ ਬਣੇਗੀ ਇਹ ਪ੍ਰਤਿਭਾਵਾਨ ਅਦਾਕਾਰਾ, ਜੋ ਬ੍ਰਿਟਿਸ਼ ਕੋਲੰਬੀਆ ਦੇ ਰਿਚਮਡ ਵਿਖੇ ਆਯੋਜਿਤ ਹੋਵੇਗਾ।
'ਗੁਰਜੀਤ ਬਲ ਪ੍ਰੋਡੋਕਸ਼ਨ' ਅਤੇ 'ਲਾਵਾ ਈਵੈਂਟ' ਵੱਲੋਂ ਵੱਡੇ ਪੱਧਰ ਅਧੀਨ ਆਯੋਜਿਤ ਕਰਵਾਏ ਜਾ ਰਹੇ ਇਸ ਪ੍ਰੋਗਰਾਮ ਦਾ ਆਯੋਜਨ ਡੈਕ ਐਂਡ ਰੈਡੀਸਨ ਵਿਖੇ ਕੀਤਾ ਜਾ ਰਿਹਾ ਹੈ, ਜਿਸ ਵਿੱਚ ਇਸ ਖਿੱਤੇ ਸੰਬੰਧਤ ਉੱਘੀਆਂ ਸੰਗੀਤ, ਸਿਨੇਮਾ, ਰਾਜਨੀਤਿਕ ਅਤੇ ਸਮਾਜਿਕ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨਗੀਆਂ।
ਕੈਨੇਡਾ ਭਰ ਵਿੱਚ ਖਿੱਚ ਦਾ ਕੇਂਦਰ ਬਣੇ ਉਕਤ ਸ਼ੋਅ ਦੇ ਪ੍ਰਬੰਧਕਾਂ ਅਨੁਸਾਰ ਸ਼ਹਿਨਾਜ਼ ਕੌਰ ਗਿੱਲ ਵੱਲੋਂ ਆਧਿਕਾਰਤ ਤੌਰ ਉਤੇ ਕੀਤਾ ਜਾ ਰਿਹਾ ਇਹ ਪਹਿਲਾਂ ਦੌਰਾ ਅਤੇ ਪਬਲਿਕ ਅਪੀਅਰੈਂਸ ਹੈ, ਜਦਕਿ ਇਸ ਤੋਂ ਪਹਿਲਾਂ ਕੈਨੇਡਾ 'ਚ ਉਨ੍ਹਾਂ ਦੀ ਆਮਦ ਫਿਲਮੀ ਸ਼ੂਟਿੰਗ ਅਤੇ ਨਿੱਜੀ ਦੌਰਿਆਂ ਤੱਕ ਮਹਿਦੂਦ ਰਹੀ ਹੈ, ਜਿਸ ਕਾਰਨ ਦਰਸ਼ਕਾਂ ਵਿੱਚ ਉਨ੍ਹਾਂ ਨਾਲ ਰੂਬਰੂ ਹੋਣ ਨੂੰ ਲੈ ਕੇ ਕਾਫ਼ੀ ਉਤਸੁਕਤਾ ਅਤੇ ਖੁਸ਼ੀ ਪਾਈ ਜਾ ਰਹੀ ਹੈ।
ਹਾਲ ਹੀ ਵਿੱਚ ਸਾਹਮਣੇ ਆਏ ਅਪਣੇ ਗਾਣੇ 'ਧੁੱਪ ਲੱਗਦੀ' ਨਾਲ ਵੀ ਹਿੰਦੀ ਅਤੇ ਪੰਜਾਬੀ ਸੰਗੀਤਕ ਗਲਿਆਰਿਆਂ ਵਿੱਚ ਖਾਸੀ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਹੋਣਹਾਰ ਅਦਾਕਾਰਾ ਅਤੇ ਗਾਇਕਾ ਜੋ ਕੈਨੈਡਾ ਦੇ ਅਪਣੇ ਇਸ ਦੌਰੇ ਦੌਰਾਨ ਅਪਣੇ ਕੁਝ ਸੰਗੀਤ ਅਤੇ ਫਿਲਮੀ ਪ੍ਰੋਜੈਕਟਸ ਦੀ ਅੰਤਲੀ ਰੂਪਰੇਖਾ ਨੂੰ ਅੰਜ਼ਾਮ ਦੇਵੇਗੀ, ਜਿਸ ਦਾ ਰਸਮੀ ਖੁਲਾਸਾ ਉਨ੍ਹਾਂ ਵੱਲੋਂ ਜਲਦ ਕੀਤਾ ਜਾਵੇਗਾ।
ਓਧਰ ਜੇਕਰ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਇਹ ਬਹੁ-ਪੱਖੀ ਇੰਨੀਂ-ਦਿਨੀਂ 'ਜੀਓ ਸਟੂਡਿਓਜ਼', 'ਸਿਨੇ ਵਨ ਸਟੂਡਿਓਜ਼' ਅਤੇ 'ਮੂਵੀ ਟਨਲ ਪ੍ਰੋਡੋਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਜਾ ਰਹੀ ਵੈੱਬ ਫਿਲਮ 'ਸਭ ਫਸਟ ਕਲਾਸ' ਵਿੱਚ ਵੀ ਮਹੱਤਵਪੂਰਨ ਅਤੇ ਲੀਡਿੰਗ ਲੀਡਿੰਗ ਰੋਲ ਅਦਾ ਕਰ ਰਹੀ ਹੈ, ਜਿਸ ਦਾ ਨਿਰਦੇਸ਼ਨ ਬਲਵਿੰਦਰ ਸਿੰਘ ਜੰਜੂਆਂ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਰਣਦੀਪ ਹੁੱਡਾ ਨਾਲ ਵੈੱਬ ਸੀਰੀਜ਼ 'ਕੈਟ' ਅਤੇ ਇਲਿਆਨਾ ਡੀ ਕਰੂਜ਼ ਨਾਲ ਮਨੋਰੰਜਕ ਫਿਲਮ 'ਤੇਰਾ ਕਿਆ ਹੋਗਾ ਲਵਲੀ' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।