ਚੰਡੀਗੜ੍ਹ: ਬਾਲੀਵੁੱਡ 'ਚ ਸਟਾਰ ਰੁਤਬਾ ਹਾਸਿਲ ਕਰ ਚੁੱਕੀ ਅਦਾਕਾਰਾ ਸ਼ਹਿਨਾਜ਼ ਗਿੱਲ ਪਾਲੀਵੁੱਡ 'ਚ ਮੁੜ ਸ਼ਾਨਦਾਰ ਵਾਪਸੀ ਕਰਨ ਲਈ ਤਿਆਰ ਹੈ, ਜਿੰਨ੍ਹਾਂ ਦੀ ਇੱਕ ਹੋਰ ਪ੍ਰਭਾਵੀ ਪਾਰੀ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਇੱਕ ਕੁੜੀ', ਜਿਸ ਦਾ ਪਹਿਲਾਂ ਲੁੱਕ ਅੱਜ ਨਿਰਮਾਣ ਟੀਮ ਦੁਆਰਾ ਰਿਵੀਲ ਕਰ ਦਿੱਤਾ ਗਿਆ ਹੈ।
'ਰਾਇਆ ਪਿਕਚਰਜ਼', 'ਸ਼ਹਿਨਾਜ਼ ਗਿੱਲ ਪ੍ਰੋਡੋਕਸ਼ਨ' ਅਤੇ 'ਅਮੋਰ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸਫ਼ਲ ਪੰਜਾਬੀ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
ਪਰਿਵਾਰਿਕ ਡਰਾਮਾ ਅਤੇ ਭਾਵਪੂਰਨ ਕਹਾਣੀ ਅਧਾਰਿਤ ਇਸ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ ਅਦਾਕਾਰਾ ਸ਼ਹਿਨਾਜ਼ ਗਿੱਲ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਬਲਵਿੰਦਰ ਬੁਲਟ, ਗੁਰਿੰਦਰ ਮਕਣਾ ਵੀ ਮਹੱਤਵਪੂਰਨ ਰੋਲ ਅਦਾ ਕਰ ਰਹੇ ਹਨ।
ਚੰਡੀਗੜ੍ਹ ਅਤੇ ਮੋਹਾਲੀ ਆਦਿ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਕੌਸ਼ਲ ਜੋਸ਼ੀ, ਸ਼ਹਿਨਾਜ਼ ਗਿੱਲ ਅਤੇ ਅਮਰਜੀਤ ਸਰਾਓ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਸੁਯੰਕਤ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਨਾਲ ਬਤੌਰ ਨਿਰਮਾਤਰੀ ਵੀ ਇੱਕ ਹੋਰ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰੇਗੀ ਬਹੁ-ਪੱਖੀ ਅਦਾਕਾਰਾ ਸ਼ਹਿਨਾਜ਼ ਗਿੱਲ, ਜੋ ਇਸ ਫਿਲਮ ਨਾਲ ਅਪਣੇ ਪ੍ਰੋਡੋਕਸ਼ਨ ਹਾਊਸ ਦਾ ਵੀ ਮੁੱਢ ਬੰਨ੍ਹਣ ਜਾ ਰਹੀ ਹੈ।
ਹਾਲ ਹੀ ਰਿਲੀਜ਼ ਹੋਈ ਬਹੁ-ਚਰਚਿਤ ਹਿੰਦੀ ਫਿਲਮ 'ਵਿੱਕੀ ਵਿਦਿਆ ਕਾ ਵੋਹ ਵਾਲਾ ਵੀਡੀਓ' ਨਾਲ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਅਦਾਕਾਰਾ ਸ਼ਹਿਨਾਜ਼ ਗਿੱਲ ਲੰਮੇਂ ਵਕਫ਼ੇ ਬਾਅਦ ਅਪਣੀਆਂ ਅਸਲ ਜੜਾਂ ਨਾਲ ਜੁੜੇ ਸਿਨੇਮਾ ਖੇਤਰ ਵਿੱਚ ਕਮਬੈਕ ਕਰਨ ਜਾ ਰਹੀ ਹੈ, ਜਿੰਨ੍ਹਾਂ ਦੀ ਇਸ ਤੋਂ ਪਹਿਲਾਂ ਜੋ ਪੰਜਾਬੀ ਫਿਲਮ ਰਹੀ ਉਹ ਸੀ ਸਾਲ 2021 ਵਿੱਚ ਰਿਲੀਜ਼ ਹੋਈ ਅਤੇ ਦਿਲਜੀਤ ਦੁਸਾਂਝ ਸਟਾਰਰ 'ਹੌਂਸਲਾ ਰੱਖ', ਜਿਸ ਦਾ ਨਿਰਦੇਸ਼ਨ ਵੀ ਅਮਰਜੀਤ ਸਿੰਘ ਸਰਾਓ ਦੁਆਰਾ ਕੀਤਾ ਗਿਆ।
ਇਹ ਵੀ ਪੜ੍ਹੋ: