ਅੰਮ੍ਰਿਤਸਰ:ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਹੁਣ ਕੰਗਨਾ ਰਣੌਤ ਦੀ ਇਸ ਸਿਆਸੀ ਡਰਾਮਾ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ। ਹੁਣ ਫਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਮਿਲਣ ਉਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।
ਫਿਲਮ ਨੂੰ ਸਰਟੀਫਿਕੇਟ ਮਿਲਣ ਉਤੇ ਕੀ ਬੋਲੇ ਗੁਰਚਰਨ ਸਿੰਘ ਗਰੇਵਾਲ
ਹਾਲ ਹੀ ਵਿੱਚ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਵੀਡੀਓ ਜਾਰੀ ਕੀਤੀ ਅਤੇ ਕਿਹਾ ਕਿ ਪਿਛਲੇ ਦਿਨਾਂ 'ਚ ਇੱਕ ਵਿਵਾਦਤ ਫਿਲਮ ਐਮਰਜੈਂਸੀ, ਜਿਸ ਦੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਵਿਵਾਦਤ ਸੀਨ ਦਿਖਾਏ ਗਏ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਬੇਲੋੜੇ ਸੀਨ ਸ਼ਾਮਿਲ ਕੀਤੇ ਗਏ, ਇਸ ਦੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਵੱਲੋਂ ਬਹੁਤ ਵੱਡਾ ਗੰਭੀਰ ਨੋਟਿਸ ਲਿਆ ਸੀ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੱਕੇ ਤੌਰ ਉਤੇ ਪਤਾ ਸੀ ਕਿ ਹਰਿਆਣਾ ਦੇ ਇਲੈਕਸ਼ਨ ਤੋਂ ਬਾਅਦ ਸਰਕਾਰ ਵੱਲੋਂ ਇਸ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਜਾਵੇਗਾ, ਜੋ ਕਿ ਅੱਜ ਦੇ ਦਿੱਤਾ ਗਿਆ ਹੈ। ਇਹ ਫਿਲਮ ਹੁਣ ਰਿਲੀਜ਼ ਹੋਣ ਜਾ ਰਹੀ ਹੈ।