ਚੰਡੀਗੜ੍ਹ:ਅਮਰਿੰਦਰ ਗਿੱਲ ਦੀ ਫਿਲਮ 'ਅੰਗਰੇਜ਼' ਨਾਲ ਪੰਜਾਬੀ ਸਿਨੇਮਾ ਵਿੱਚ ਐਂਟਰੀ ਕਰਨ ਵਾਲੀ ਸਰਗੁਣ ਮਹਿਤਾ ਇਸ ਸਮੇਂ ਪੰਜਾਬੀ ਸਿਨੇਮਾ ਦਾ ਵੱਡਾ ਚਿਹਰਾ ਬਣ ਗਈ ਹੈ, ਅਦਾਕਾਰਾ ਨੇ ਪੰਜਾਬੀ ਸਿਨੇਮਾ ਨੂੰ ਹਿੱਟ ਫਿਲਮਾਂ ਦਿੱਤੀਆਂ ਹਨ। ਹੁਣ ਪੰਜਾਬੀ ਸਿਨੇਮਾ ਦੀ ਇਹ ਹੱਸ-ਮੁੱਖ ਮੁਟਿਆਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਹੀ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੀ ਜੀਵਨ ਨਾਲ ਸੰਬੰਧਤ ਕਈ ਹੈਰਾਨ ਕਰਨ ਵਾਲੇ ਪਹਿਲੂ ਸਾਂਝੇ ਕੀਤੇ ਹਨ।
ਇਸੇ ਤਰ੍ਹਾਂ ਹੀ ਅਦਾਕਾਰਾ ਨੇ ਇੱਕ ਅਜਿਹੇ ਸਖ਼ਸ਼ ਬਾਰੇ ਦੱਸਿਆ, ਜਿਸ ਨੂੰ ਉਹ ਕਦੇ ਮਿਲੀ ਨਹੀਂ ਪਰ ਉਸ ਸਖ਼ਸ਼ ਨੇ ਅਦਾਕਾਰਾ ਦੀ ਪੰਜਾਬੀ ਸਿਨੇਮਾ ਵਿੱਚ ਐਂਟਰੀ ਹੋਣ ਵਿੱਚ ਮੁੱਖ ਭੂਮਿਕਾ ਅਦਾ ਕੀਤੀ ਹੈ।
ਕੌਣ ਹੈ ਉਹ ਸਖ਼ਸ਼ ਜਿਸ ਨੇ ਬਣਾਈ ਸਰਗੁਣ ਮਹਿਤਾ ਦੀ ਜ਼ਿੰਦਗੀ
ਸਰਗੁਣ ਮਹਿਤਾ ਨੇ ਇੱਕ ਪੋਡਕਾਸਟ ਦੌਰਾਨ ਖੁਲਾਸਾ ਕੀਤਾ ਕਿ ਜਦੋਂ ਉਹ ਟੀਵੀ ਸੀਰੀਅਲ '12/24 ਕਰੋਲ ਬਾਗ਼' ਵਿੱਚ ਕੰਮ ਕਰ ਰਹੀ ਸੀ ਤਾਂ ਉਸ ਸੀਰੀਅਲ ਨੂੰ ਦੇਖ ਕੇ ਅਮਰਿੰਦਰ ਗਿੱਲ ਦੀ ਮਾਂ ਨੇ ਸਰਗੁਣ ਮਹਿਤਾ ਨੂੰ ਪੰਜਾਬੀ ਫਿਲਮ ਵਿੱਚ ਲੈਣ ਲਈ ਕਿਹਾ ਸੀ।
ਜਦੋਂ ਪੋਡਕਾਸਟ ਵਿੱਚ ਅਦਾਕਾਰਾ ਤੋਂ ਪੁੱਛਿਆ ਗਿਆ ਕਿ ਉਹ ਕਦੇ ਅਮਰਿੰਦਰ ਗਿੱਲ ਦੀ ਮਾਤਾ ਨੂੰ ਮਿਲੇ ਹਨ, ਇਸ ਸੁਆਲ ਦਾ ਜੁਆਬ ਦਿੰਦੇ ਹੋਏ ਅਦਾਕਾਰਾ ਨੇ ਦੱਸਿਆ ਕਿ ਉਹ ਕਦੇ ਵੀ ਅਮਰਿੰਦਰ ਗਿੱਲ ਦੀ ਮਾਤਾ ਨੂੰ ਨਹੀਂ ਮਿਲੀ ਹੈ, ਅਦਾਕਾਰਾ ਨੇ ਅੱਗੇ ਖੁਲਾਸਾ ਕੀਤਾ ਕਿ ਅਮਰਿੰਦਰ ਗਿੱਲ ਨੇ ਉਨ੍ਹਾਂ ਨੂੰ ਇਹ ਗੱਲ ਕਾਫੀ ਸਮਾਂ ਬਾਅਦ ਦੱਸੀ ਜਦੋਂ ਉਹ ਪੰਜਾਬੀ ਸਿਨੇਮਾ ਵਿੱਚ ਤੀਜੀ ਫਿਲਮ ਕਰ ਰਹੀ ਸੀ, ਕਿਉਂਕਿ ਉਹ ਹਮੇਸ਼ਾ ਹੀ ਸੋਚਦੀ ਸੀ ਕਿ ਅਮਰਿੰਦਰ ਗਿੱਲ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਸਰਗੁਣ ਮਹਿਤਾ ਕੌਣ ਹੈ।