ਚੰਡੀਗੜ੍ਹ: ਵੈੱਬ ਸੀਰੀਜ਼ ਦੀ ਦੁਨੀਆ ਵਿੱਚ ਤਹਿਲਕਾ ਮਚਾ ਦੇਣ ਵਾਲੀ 'ਵਾਰਨਿੰਗ' ਸੀਰੀਜ਼ ਦਾ ਜਾਦੂ ਹੁਣ ਸਿਨੇਮਾ ਦੇ ਖੇਤਰ ਵਿੱਚ ਵੀ ਅਪਣਾ ਪੂਰਾ ਅਸਰ ਵਿਖਾ ਰਿਹਾ ਹੈ, ਜਿਸ ਦੇ ਲਗਾਤਾਰ ਵੱਧ ਰਹੇ ਦਰਸ਼ਕ ਦਾਇਰੇ ਦਾ ਹੀ ਇੱਕ ਵਾਰ ਸ਼ਾਨਦਾਰ ਇਜ਼ਹਾਰ ਕਰਵਾਉਣ ਜਾ ਰਹੀ ਹੈ 'ਵਾਰਨਿੰਗ 3', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ ਪੈਕੇਡ ਫਿਲਮ ਦਾ ਨਿਰਮਾਣ ਅਤੇ ਲੇਖਣ ਗਿੱਪੀ ਗਰੇਵਾਲ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਅਮਰ ਹੁੰਦਲ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਆਈਆਂ 'ਵਾਰਨਿੰਗ' ਅਤੇ 'ਵਾਰਨਿੰਗ 2' ਤੋਂ ਇਲਾਵਾ ਅੰਮ੍ਰਿਤ ਮਾਨ, ਰਾਜ ਸਿੰਘ ਝਿੰਜਰ ਸਟਾਰਰ 'ਬੱਬਰ' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ ਅਤੇ ਅੱਜਕੱਲ੍ਹ ਪਾਲੀਵੁੱਡ ਦੇ ਮੋਹਰੀ ਕਤਾਰ ਅਤੇ ਚਰਚਿਤ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ, ਜਿੰਨ੍ਹਾਂ ਦੁਆਰਾ ਨਿਰਦੇਸ਼ਿਤ ਧਾਰਮਿਕ, ਪੰਜਾਬੀ ਫਿਲਮ 'ਰਜਨੀ' ਵੀ ਰਿਲੀਜ਼ ਹੋਣ ਜਾ ਰਹੀ ਹੈ।
ਪੰਜਾਬੀ ਸਿਨੇਮਾ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਇਸ ਫਿਲਮ ਵਿੱਚ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਇੱਕ ਵਾਰ ਫਿਰ ਪੰਮੇ ਦਾ ਲੀਡਿੰਗ ਅਤੇ ਲੋਕਪ੍ਰਿਯ ਕਿਰਦਾਰ ਨਿਭਾਉਂਦਾ ਨਜ਼ਰੀ ਪਵੇਗਾ, ਜਿਸ ਤੋਂ ਇਲਾਵਾ ਗਿੱਪੀ ਗਰੇਵਾਲ, ਧੀਰਜ ਕੁਮਾਰ ਸਮੇਤ ਹੋਰ ਕਈ ਮੰਨੇ-ਪ੍ਰਮੰਨੇ ਕਲਾਕਾਰ ਵੀ ਅਹਿਮ ਰੋਲਜ਼ ਦੁਆਰਾ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
'ਵਾਰਨਿੰਗ 3' ਦਾ ਪੋਸਟਰ (instagram) ਬਿੱਗ ਸੈਟਅੱਪ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਖਤਰਨਾਕ ਐਕਸ਼ਨ ਦਾ ਜਲਵਾ ਇੱਕ ਵਾਰ ਫਿਰ ਵੇਖਣ ਨੂੰ ਮਿਲੇਗਾ, ਜਿਸ ਲਈ ਬਾਲੀਵੁੱਡ ਦੇ ਉੱਚ-ਕੋਟੀ ਐਕਸ਼ਨ ਕੋਰੀਓਗ੍ਰਾਫਰ ਦੀਆਂ ਸੇਵਾਵਾਂ ਲਈਆਂ ਗਈਆਂ ਹਨ। ਇਸ ਤੋਂ ਇਲਾਵਾ ਫਿਲਮ ਨੂੰ ਤਕਨੀਕੀ ਪੱਖੋਂ ਵੀ ਉਮਦਾ ਰੂਪ ਦੇਣ ਲਈ ਹਰ ਸਿਰਜਨਾਤਮਕ ਤਰੱਦਦ ਕੀਤਾ ਗਿਆ ਹੈ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ 'ਵਾਰਨਿੰਗ 3' ਗਿੱਪੀ ਗਰੇਵਾਲ ਵੱਲੋਂ ਨਿਰਮਿਤ ਕੀਤੀ ਗਈ ਅਤੇ ਲਿਖੀ ਗਈ ਇੱਕ ਹੋਰ ਅਜਿਹੀ ਫਿਲਮ ਮੰਨੀ ਜਾ ਰਹੀ ਹੈ, ਜੋ ਦਰਸ਼ਕਾਂ ਦੀਆਂ ਪਸੰਦ ਦੀਆਂ ਸੀਰੀਜ਼ ਫਿਲਮਾਂ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋ ਚੁੱਕੀ ਹੈ, ਜਿਸ ਦੀ ਰਿਲੀਜ਼ ਦਾ ਐਕਸ਼ਨ ਫਿਲਮਾਂ ਵੇਖਣ ਦੇ ਸ਼ੌਂਕੀਨ ਸਿਨੇਮਾ ਪ੍ਰੇਮੀਆਂ ਦੁਆਰਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।