ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਦੀ ਬਿਹਤਰੀਨ ਸੁਮੇਲਤਾ ਅਧੀਨ ਸਾਹਮਣੇ ਆਉਣ ਜਾ ਰਹੀ ਅਤੇ ਹਾਲ ਹੀ ਵਿੱਚ ਐਲਾਨੀ ਗਈ ਪੰਜਾਬੀ ਫਿਲਮ 'ਮੇਹਰ' ਅੱਜ ਸੈੱਟ ਉਤੇ ਪਹੁੰਚ ਗਈ ਹੈ, ਜਿਸ ਨੂੰ ਨਿਰਦੇਸ਼ਨ ਰਾਕੇਸ਼ ਮਹਿਤਾ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਅਤੇ ਵੱਡੀਆਂ ਫਿਲਮਾਂ ਨਿਰਦੇਸ਼ਿਤ ਕਰ ਚੁੱਕੇ ਹਨ।
'ਡਿਜੀਟੇਨਮੈਂਟ' ਅਤੇ 'ਦਿਵਿਆ ਭਟਨਾਗਰ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ ਬਾਲ ਅਦਾਕਾਰ ਮਾਸਟਰ ਅਗਮਬੀਰ ਸਿੰਘ, ਜੋ ਇਸ ਡਾਰਕ-ਡਰਾਮਾ ਅਤੇ ਇਮੋਸ਼ਨਲ ਫਿਲਮ ਦੁਆਰਾ ਪਾਲੀਵੁੱਡ ਵਿੱਚ ਅਪਣੀ ਸ਼ਾਨਦਾਰ ਪਾਰੀ ਦਾ ਅਗਾਜ਼ ਕਰੇਗਾ।
ਹਿੰਦੀ ਸਿਨੇਮਾ ਨਾਲ ਜੁੜੀਆਂ ਦਿੱਗਜ ਸ਼ਖਸੀਅਤਾਂ ਵੱਲੋਂ ਨਿਰਮਿਤ ਅਤੇ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਇਸ ਬਿੱਗ ਸੈੱਟਅੱਪ ਫਿਲਮ ਨੂੰ ਚਾਰ-ਚੰਨ ਲਾਉਣ ਵਿੱਚ ਬਾਲੀਵੁੱਡ ਦੇ ਦੋ ਚਰਚਿਤ ਚਿਹਰੇ ਰਾਜ ਕੁੰਦਰਾ ਅਤੇ ਗੀਤਾ ਬਸਰਾ ਵੀ ਅਹਿਮ ਭੂਮਿਕਾ ਨਿਭਾਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਓਟੀਟੀ ਫਿਲਮ 'ਯੂਟੀ 69' ਦਾ ਸ਼ਾਨਦਾਰ ਹਿੱਸਾ ਰਹੇ ਰਾਜ ਕੁੰਦਰਾ ਅਤੇ ਸਾਲ 2015 ਵਿੱਚ ਆਈ 'ਸੈਕੰਢ ਹੈਂਡ ਹਸਬੈਂਡ' ਵਿੱਚ ਨਜ਼ਰ ਆਈ ਅਦਾਕਾਰਾ ਗੀਤਾ ਬਸਰਾ ਉਕਤ ਫਿਲਮ ਦੁਆਰਾ ਪਹਿਲੀ ਵਾਰ ਇਕੱਠਿਆਂ ਸਕਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਦੀ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ।