ਚੰਡੀਗੜ੍ਹ:ਭਾਰਤੀ ਅਤੇ ਪਾਕਿਸਤਾਨੀ ਸੰਗੀਤਕ ਗਲਿਆਰਿਆਂ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਹਨ ਗਾਇਕ ਰਾਹਤ ਫਤਿਹ ਅਲੀ ਖਾਨ, ਜੋ ਅਪਣਾ ਇੱਕ ਹੋਰ ਨਵਾਂ ਅਤੇ ਸੂਫੀਆਨਾ ਰੰਗਤ ਵਿੱਚ ਰੰਗਿਆ ਗਾਣਾ 'ਗੁਜ਼ਾਇਸ਼' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਦੇ ਨਾਮੀ ਗਿਰਾਮੀ ਸੰਗੀਤ ਨਿਰਮਾਤਾ ਸਾਹਿਬ ਅਲਾਹਾਬਾਦੀ ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਅੰਜਾਨ ਸਾਗਰੀ, ਸਾਹਿਬ ਅਲਾਹਾਬਾਦੀ ਨੇ ਰਚੇ ਹਨ, ਜਦਕਿ ਇਸ ਨੂੰ ਸਦਾ ਬਹਾਰ ਸੰਗੀਤਬੱਧਤਾ ਨਾਲ ਸੱਤਿਆ, ਮਾਨਿਕ ਅਤੇ ਅਫਸਰ ਦੁਆਰਾ ਸੰਵਾਰਿਆ ਗਿਆ ਹੈ।
ਹਾਲ ਹੀ ਵਿੱਚ ਰਾਹਤ ਫਤਿਹ ਅਲੀ ਖਾਨ ਨਾਲ ਇੱਕ ਹੋਰ ਸੰਗੀਤਕ ਟਰੈਕ 'ਇਸ਼ਕ-ਏ-ਜਾਨ' ਵੀ ਸਾਹਮਣੇ ਲਿਆ ਚੁੱਕੇ ਹਨ ਸੰਗੀਤ ਪੇਸ਼ਕਰਤਾ ਸਾਹਿਬ ਅਲਾਹਾਬਾਦੀ, ਜਿਸ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਇਸੇ ਅਪਾਰ ਮਕਬੂਲੀਅਤ ਬਾਅਦ ਇੱਕ ਵਾਰ ਫਿਰ ਨਵੇਂ ਸੰਗੀਤਕ ਅਯਾਮ ਸਿਰਜਣ ਲਈ ਇਕੱਠੀਆਂ ਹੋਈਆਂ ਹਨ ਇਹ ਦਿੱਗਜ ਸ਼ਖਸ਼ੀਅਤਾਂ।
ਸੰਗੀਤ ਦੇ ਨਾਲ-ਨਾਲ ਸਿਨੇਮਾ ਜਗਤ ਵਿੱਚ ਵੀ ਬਤੌਰ ਨਿਰਮਾਤਾ ਮਜ਼ਬੂਤ ਪੈੜਾਂ ਸਿਰਜ ਚੁੱਕੇ ਹਨ ਸਾਹਿਬ ਅਲਾਹਾਬਾਦੀ, ਜਿੰਨ੍ਹਾਂ ਉਕਤ ਸੰਗੀਤਕ ਪ੍ਰੋਜੈਕਟ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮਿਆਰੀ ਗੀਤ ਅਤੇ ਸੰਗੀਤ ਨੂੰ ਪ੍ਰਫੁੱਲਤ ਕਰਨ ਦੀ ਉਨ੍ਹਾਂ ਵੱਲੋਂ ਅਪਣਾਈ ਸੋਚ ਉਤੇ ਬਾਖੂਬੀ ਖਰੇ ਉਤਰ ਰਹੇ ਹਨ ਰਾਹਤ ਫਤਿਹ ਅਲੀ ਖਾਨ, ਜੋ ਪਰੰਪਰਾਗਤ ਸੰਗੀਤ ਨੂੰ ਗਲੋਬਲੀ ਅਧਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ ਅਤੇ ਅਜਿਹੇ ਨਯਾਬ ਗਾਇਕ ਨਾਲ ਲਗਾਤਾਰ ਦੂਸਰੇ ਸੰਗੀਤਕ ਪ੍ਰੋਜੈਕਟ ਦਾ ਉਹ ਅਪਾਰ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਮਨ ਨੂੰ ਮੋਹ ਲੈਣ ਵਾਲੇ ਸ਼ਬਦਾਂ ਅਤੇ ਸੁਰੀਲੇ ਸੰਗੀਤ ਅਧੀਨ ਤਿਆਰ ਕੀਤਾ ਗਿਆ ਇਹ ਸਿੰਗਲ ਟਰੈਕ 03 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਖੂਬਸੂਰਤ ਬਣਾਇਆ ਗਿਆ ਹੈ।
ਪੇਸ਼ਕਰਤਾ ਸਾਹਿਬ ਅਲਾਹਾਬਾਦੀ ਨੇ ਅੱਗੇ ਦੱਸਿਆ ਕਿ ਖਾਨ ਸਾਹਿਬ ਦੇ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕੇ ਜਾ ਰਹੇ ਇਸ ਗਾਣੇ ਤੋਂ ਬਾਅਦ ਕੁਝ ਹੋਰ ਟਰੈਕ ਵੀ ਇਸ ਮਹਾਨ ਗਾਇਕ ਨਾਲ ਕਰਨਾ ਉਨ੍ਹਾਂ ਦੀਆਂ ਸੰਗੀਤਕ ਪਹਿਲਕਦਮੀ ਵਿੱਚ ਸ਼ਾਮਿਲ ਰਹੇਗਾ, ਤਾਂਕਿ ਭਾਰਤੀ ਸੰਗੀਤ ਦਾ ਵਿਹੜਾ ਉਨ੍ਹਾਂ ਦੀ ਖੁਸ਼ਬੂ ਬਿਖੇਰਦੀ ਅਵਾਜ਼ ਨਾਲ ਇਸੇ ਤਰ੍ਹਾਂ ਮਹਿਕਦਾ ਰਹੇ।