ਚੰਡੀਗੜ੍ਹ: ਕਿਸਾਨਾਂ ਨੇ ਇੱਕ ਵਾਰ ਫਿਰ ਦਿੱਲੀ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਪੰਜਾਬ-ਹਰਿਆਣਾ ਦੇ ਨਾਲ-ਨਾਲ ਕਈ ਹੋਰ ਰਾਜਾਂ ਦੇ ਕਿਸਾਨ ਵੀ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ। ਕਿਸਾਨਾਂ ਨੇ ਇਸ ਨੂੰ 'ਚਲੋ ਦਿੱਲੀ ਮਾਰਚ' ਦਾ ਨਾਂ ਦਿੱਤਾ ਹੈ ਪਰ ਇਸ ਨੂੰ ਕਿਸਾਨ ਅੰਦੋਲਨ 2.0 ਵੀ ਕਿਹਾ ਜਾ ਰਿਹਾ ਹੈ। ਦਰਅਸਲ, ਇਸ ਕਿਸਾਨ ਅੰਦੋਲਨ ਦਾ ਪੈਟਰਨ 2020-2021 ਦੇ ਕਿਸਾਨ ਅੰਦੋਲਨ ਵਰਗਾ ਹੀ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਵੱਖ-ਵੱਖ ਰਾਜਾਂ ਦੇ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਜਾ ਰਹੇ ਹਨ।
ਹੁਣ ਇਸ ਅੰਦੋਲਨ ਵਿੱਚ ਪੰਜਾਬੀ ਮੰਨੋਰੰਜਨ ਜਗਤ ਦੇ ਵੀ ਕਾਫੀ ਸਾਰੇ ਸਿਤਾਰੇ ਸ਼ਾਮਿਲ ਹੋ ਗਏ ਹਨ ਅਤੇ ਉਹ ਆਪਣੇ-ਆਪਣੇ ਤਰੀਕੇ ਨਾਲ ਇਸ ਅੰਦੋਲਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਚਰਚਿਤ ਨਾਂਅ ਸ਼੍ਰੀ ਬਰਾੜ ਨੇ ਵੀ ਇਸ ਅੰਦੋਲਨ ਵਿੱਚ ਆਪਣਾ ਹਿੱਸਾ ਪਾਇਆ ਹੈ।
ਜੀ ਹਾਂ...ਅੱਜ 22 ਫਰਵਰੀ ਨੂੰ ਗਾਇਕ ਸ਼੍ਰੀ ਬਰਾੜ ਨੇ ਆਪਣੇ ਯੂਟਿਊਬ ਚੈਨਲ ਉਤੇ 'ਕਿਸਾਨ ਐਂਥਨ 3' ਨਾਂਅ ਦੇ ਗਾਣੇ ਦਾ ਟੀਜ਼ਰ ਰਿਲੀਜ਼ ਕੀਤਾ ਹੈ, ਇਸ ਗੀਤ ਨੂੰ ਖੁਦ ਗਾਇਕ ਬਰਾੜ ਨੇ ਲਿਖਿਆ ਹੈ ਅਤੇ ਇਸ ਨੂੰ ਪੰਜਾਬ ਹਰਿਆਣਾ ਇੰਡਸਟਰੀ ਵੱਲੋਂ ਗਾਇਆ ਗਿਆ ਹੈ। ਗੀਤ ਵਿੱਚ ਕਿਸਾਨ ਅੰਦੋਲਨ ਵਿੱਚ ਹੁਣ ਤੱਕ ਜੋ ਵਾਪਰਿਆ ਹੈ, ਉਸ ਬਾਰੇ ਗੱਲ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਪਹਿਲਾਂ ਵਾਲੇ ਅੰਦੋਲਨ ਦਾ ਵੀ ਜ਼ਿਕਰ ਕੀਤਾ ਗਿਆ ਹੈ। ਗੀਤ ਵਿੱਚ ਗਾਇਕ ਕੇਂਦਰ ਸਰਕਾਰ ਨੂੰ ਅੜ੍ਹੇ ਹੱਥੀ ਲੈਂਦੇ ਨਜ਼ਰੀ ਪੈ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ।