ਚੰਡੀਗੜ੍ਹ:ਸੂਬੇ ਵਿੱਚ ਗੈਂਗਸਟਰਾਂ ਦਾ ਜਿਵੇਂ ਬੋਲਬਾਲਾ ਹੈ, ਧਮਕੀਆਂ ਆਮ ਜਿਹੀਆਂ ਹੋ ਗਈਆਂ ਹਨ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਪੰਜਾਬੀ ਸੰਗੀਤ ਜਗਤ ਤੋਂ ਜਿਥੇਪੰਜਾਬ ਵਿੱਚ ਗਾਇਕ ਆਰ ਨੇਤ ਨੂੰ ਗੈਂਗਸਟਰਾਂ ਤੋਂ ਧਮਕੀ ਭਰਿਆ ਕਾਲ ਆਇਆ ਹੈ ਅਤੇ ਕਰੀਬ 1 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪੰਜਾਬੀ ਗਾਇਕ ਆਰ ਨੇਤ ਨੂੰ ਕਾਫੀ ਸਮੇਂ ਤੋਂ ਅਜਿਹੀਆਂ ਕਾਲਾਂ ਆ ਰਹੀਆਂ ਸਨ। ਇਸ ਸਬੰਧੀ ਆਰ ਨੇਤ ਦੀ ਟੀਮ ਨੇ ਪੰਜਾਬ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਅਤੇ ਪੁਲਿਸ ਨੇ ਉਕਤ ਫ਼ੋਨ ਨੰਬਰਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੈਨੇਜਰ ਨੇ ਸ਼ਿਕਾਇਤ 'ਚ ਧਮਕੀ ਮਿਲਣ ਦਾ ਕੀਤਾ ਖੁਲਾਸਾ
ਦਸੱਣਯੋਗ ਹੈ ਕਿ ਸਾਈਬਰ ਸੈੱਲ ਨੂੰ ਪੰਜਾਬੀ ਗਾਇਕ ਆਰ ਨੇਤ ਦੇ ਮੈਨੇਜਰ ਰਜਿੰਦਰ ਪਾਲ ਸਿੰਘ ਵੱਲੋਂ ਦਿੱਤੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਸ ਵਿੱਚ ਕਿਹਾ ਗਿਆ ਹੈ ਕਿ ਉਸ ਨੂੰ ਵਾਰ-ਵਾਰ ਵਿਦੇਸ਼ੀ ਨੰਬਰਾਂ ਤੋਂ ਫੋਨ ਆ ਰਹੇ ਹਨ। ਕੁਝ ਰਿਕਾਰਡਿੰਗ ਵੀ ਭੇਜੀ ਗਈ ਹੈ। ਜਿਸ ਵਿੱਚ ਉਹ ਫਿਰੌਤੀ ਦੀ ਮੰਗ ਕਰ ਰਹੇ ਹਨ ਤੇ ਕਿਹਾ ਜਾ ਰਿਹਾ ਹੈ ਕਿ ਜੇਕਰ ਫਿਰੌਤੀ ਦੀ ਰਕਮ ਦਾ ਭੁਗਤਾਨ ਨਾ ਕੀਤਾ ਗਿਆ ਤਾਂ ਉਹ ਜਾਨ ਤੋਂ ਮਾਰ ਦੇਣਗੇ।