ਲੁਧਿਆਣਾ: ਲੁਧਿਆਣਾ ਦੇ ਵਿੱਚ ਅੱਜ (31 ਦਸੰਬਰ) ਲੋਕ ਨਵਾਂ ਸਾਲ ਦਿਲਜੀਤ ਦੁਸਾਂਝ ਦੇ ਸ਼ੋਅ ਦੇ ਨਾਲ ਸ਼ੁਰੂ ਕਰਨਗੇ, ਰਾਤ 8:30 ਵਜੇ ਦਿਲਜੀਤ ਦਾ ਸ਼ੋਅ ਸ਼ੁਰੂ ਹੋ ਜਾਵੇਗਾ। ਉਸ ਨੂੰ ਲੈ ਕੇ 2 ਵਜੇ ਤੋਂ ਐਂਟਰੀ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ 14000 ਗੱਡੀਆਂ ਦੀ ਪਾਰਕਿੰਗ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੇੜੇ-ਤੇੜੇ ਦੇ ਸਾਰੇ ਹੀ ਏਰੀਏ ਦੇ ਕਾਲਜ ਸਕੂਲ ਆਦਿ ਨੂੰ ਪਾਰਕਿੰਗ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਦੋ ਤੋਂ ਤਿੰਨ ਕਿਲੋਮੀਟਰ ਦੇ ਏਰੀਆ ਦੇ ਵਿੱਚ ਪਾਰਕਿੰਗ ਬਣਾਈ ਗਈ ਹੈ, ਜੋ ਵੀ ਦਿਲਜੀਤ ਦਾ ਸ਼ੋਅ ਵੇਖਣ ਲਈ ਆਵੇਗਾ ਉਸ ਨੂੰ ਦੋ ਤੋਂ ਤਿੰਨ ਕਿਲੋਮੀਟਰ ਪੈਦਲ ਚੱਲਣਾ ਹੋਵੇਗਾ, ਹਾਲਾਂਕਿ ਵੀਆਈਪੀ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅੰਦਰ ਹੀ ਪਾਰਕਿੰਗ ਬਣਾਈ ਗਈ ਹੈ। ਗੇਟ ਨੰਬਰ ਅੱਠ ਅਤੇ ਗੇਟ ਨੰਬਰ ਪੰਜ ਤੋਂ ਐਂਟਰੀ ਹੋਵੇਗੀ।
ਇਸ ਸ਼ੋਅ ਨੂੰ ਲੈ ਕੇ ਲੋਕ ਕਾਫੀ ਉਤਸ਼ਾਹਿਤ ਹਨ, ਪਿਛਲੇ ਕਈ ਦਿਨਾਂ ਤੋਂ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਕ੍ਰੇਜ਼ ਵੇਖਣ ਨੂੰ ਮਿਲ ਰਿਹਾ ਸੀ। ਲੁਧਿਆਣਾ ਫਿਰੋਜ਼ਪੁਰ ਰੋਡ ਉਤੇ ਬਣੇ ਫਲਾਈ ਓਵਰ ਉਤੇ ਸਾਡੇ ਸਹਿਯੋਗੀ ਵੱਲੋਂ ਜਾਇਜ਼ਾ ਲਿਆ ਗਿਆ।