ਚੰਡੀਗੜ੍ਹ:ਅਦਾਕਾਰ ਅਤੇ ਗਾਇਕ ਦਿਲਜੀਤ ਦੁਸਾਂਝ ਦੀ ਬਹੁਤ ਹੀ ਉਡੀਕੀ ਜਾ ਰਹੀ ਫਿਲਮ 'ਪੰਜਾਬ 95' ਇਸ ਸਮੇਂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਇਹ ਫਿਲਮ ਪ੍ਰਸਿੱਧ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਹੈ, ਜਿੰਨ੍ਹਾਂ ਨੇ ਪੰਜਾਬ ਪੁਲਿਸ ਦੁਆਰਾ 25,000 ਗੈਰ-ਕਾਨੂੰਨੀ ਕਤਲਾਂ, ਲਾਪਤਾ ਹੋਣ ਅਤੇ ਗੁਪਤ ਸਸਕਾਰ ਦੇ ਪਿੱਛੇ ਦੀ ਕੌੜੀ ਸੱਚਾਈ ਦਾ ਪਰਦਾਫਾਸ਼ ਕੀਤਾ ਸੀ। ਇਸਦੇ ਸ਼ਕਤੀਸ਼ਾਲੀ ਵਿਸ਼ਾ ਵਸਤੂ ਨੂੰ ਦੇਖਦੇ ਹੋਏ ਫਿਲਮ ਵਿਵਾਦਾਂ ਵਿੱਚ ਘਿਰੀ ਹੋਈ ਹੈ।
ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਇਸ ਦੀ ਰਿਲੀਜ਼ ਮਿਤੀ ਬਾਰੇ ਖੁਲਾਸਾ ਕੀਤਾ ਸੀ ਅਤੇ ਕਿਹਾ ਸੀ ਕਿ ਇਹ ਫਿਲਮ 7 ਫਰਵਰੀ ਨੂੰ ਅੰਤਰਰਾਸ਼ਟਰੀ ਰਿਲੀਜ਼ ਹੋਏਗੀ ਪਰ ਬਾਅਦ ਵਿੱਚ ਅਦਾਕਾਰ ਨੇ ਖੁਲਾਸਾ ਕੀਤਾ ਕਿ ਇਹ ਫਿਲਮ 7 ਫਰਵਰੀ ਨੂੰ ਵੀ ਰਿਲੀਜ਼ ਨਹੀਂ ਕੀਤੀ ਜਾਵੇਗੀ। ਹੁਣ ਫਿਲਮ ਨੂੰ ਫਿਰ ਤੋਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਸ ਪੂਰੇ ਮਾਮਲੇ ਉਤੇ ਦਿਲਜੀਤ ਦੁਸਾਂਝ ਨੇ ਆਪਣੀ ਚੁੱਪੀ ਤੋੜਦੇ ਹੋਏ ਕਾਫੀ ਸਖ਼ਤ ਸ਼ਬਦਾਂ ਵਿੱਚ ਬਿਆਨ ਜਾਰੀ ਕੀਤਾ।
ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਦੁਸਾਂਝ ਨੇ ਸ਼ੇਅਰ ਕੀਤਾ, "ਅੱਜ ਨਹੀਂ ਤਾਂ ਕੱਲ੍ਹ ਸੱਚ ਸਾਹਮਣੇ ਆਊਗਾ। ਸੱਚ ਨੂੰ ਕੋਈ ਨਹੀਂ ਰੋਕ ਸਕਦਾ। ਬਾਬਾ ਕਰੂ ਕਿਰਪਾ, ਮੈਨੂੰ ਪੂਰਾ ਯਕੀਨ ਆ ਕੋਈ ਰਾਹ ਨਿਕਲੂਗਾ ਅਤੇ ਇਹ ਕਹਾਣੀ ਲੋਕਾਂ ਸਾਹਮਣੇ ਆਊਗੀ।"