ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਲੇਖਕ ਸਫ਼ਲ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਰਾਕੇਸ਼ ਧਵਨ, ਜੋ ਹੁਣ ਨਿਰਦੇਸ਼ਕ ਦੇ ਰੂਪ ਵਿੱਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਫਿਲਮੀ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਰੂਹਾਨੀਅਤ ਦੇ ਰੰਗ ਵਿੱਚ ਰੰਗੀ ਜਾਣ ਵਾਲੀ ਪੰਜਾਬੀ ਫਿਲਮ 'ਤੂੰ ਮੇਰਾ ਰਾਖਾ', ਜੋ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਫਿਲਮੀ ਫਿਲਮਜ਼' ਅਤੇ 'ਧਵਨ ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਕਰਨਗੇ, ਜੋ ਐਮੀ ਵਿਰਕ ਸਟਾਰਰ ਤਿੰਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ਬੀਤੇ ਦਿਨੀਂ ਰਿਲੀਜ਼ ਹੋਈ 'ਕੁੜੀ ਹਰਿਆਣੇ ਵੱਲ ਦੀ' ਤੋਂ ਇਲਾਵਾ 'ਅੰਨੀ ਦਿਆ ਮਜ਼ਾਕ ਏ' ਅਤੇ 'ਆਜਾ ਮੈਕਸੀਕੋ ਚੱਲੀਏ' ਜਿਹੀਆਂ ਇੰਟਰਟੇਨਿੰਗ ਅਤੇ ਪ੍ਰਭਾਵਪੂਰਨ ਫਿਲਮਾਂ ਸ਼ਾਮਿਲ ਰਹੀਆਂ ਹਨ।
ਬਤੌਰ ਲੇਖਕ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਰਾਕੇਸ਼ ਧਵਨ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਪਾਲੀਵੁੱਡ ਦੇ ਉੱਚ-ਕੋਟੀ ਲੇਖਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਜਿੰਨ੍ਹਾਂ ਵੱਲੋਂ ਲਿਖੀਆਂ ਫਿਲਮਾਂ ਵਿੱਚ 'ਮਿੱਤਰਾਂ ਦਾ ਨਾ ਚੱਲਦਾ', 'ਓਏ ਮੱਖਣਾ', 'ਹੌਂਸਲਾ ਰੱਖ', 'ਚੱਲ ਮੇਰਾ ਪੁੱਤ', 'ਪੁਆੜਾ', 'ਚੱਲ ਮੇਰਾ ਪੁੱਤ 2', 'ਪੁਆੜਾ' ਆਦਿ ਸ਼ਾਮਿਲ ਰਹੀਆਂ ਹਨ, ਜੋ ਸਿਨੇਮਾ ਗਲਿਆਰਿਆਂ ਵਿੱਚ ਖਾਸੀ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।
ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਐਮੀ ਵਿਰਕ ਜਿਹੇ ਟੋਪ-ਮੋਸਟ ਐਕਟਰਜ਼ ਦੀਆਂ ਫਿਲਮਾਂ ਦਾ ਲੇਖਨ ਕਰ ਚੁੱਕੇ ਇਹ ਹੋਣਹਾਰ ਲੇਖਕ ਕਮਰਸ਼ਿਅਲ ਦੇ ਨਾਲ-ਨਾਲ ਆਫ-ਬੀਟ ਫਿਲਮਾਂ ਦੇ ਲੇਖਨ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀ ਇਸ ਉਮਦਾ ਅਤੇ ਆਹਲਾ ਲੇਖਨ ਸਮਰੱਥਾ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਉਕਤ ਅਤੇ ਦਿਲ-ਟੁੰਬਵੀਂ ਨਵੀਂ ਪੰਜਾਬੀ ਫਿਲਮ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ ਹੈ।