ਚੰਡੀਗੜ੍ਹ: ਪਾਲੀਵੁੱਡ ਵਿੱਚ ਇਸ ਸਮੇਂ ਇੱਕ ਗੀਤ ਲਗਾਤਾਰ ਸ਼ੋਸ਼ਲ ਮੀਡੀਆ ਦਾ ਸ਼ਿੰਗਾਰ ਬਣਿਆ ਹੋਇਆ ਹੈ, ਜਿਸ ਦਾ ਨਾਂਅ ਹੈ 'ਛੇਤੀ ਦੇ ਡਰਾਇਵਰੀ ਸਿਖਾ'। ਇਹ ਗੀਤ ਅੱਜ ਤੋਂ ਲਗਭਗ 19 ਸਾਲ ਪਹਿਲਾਂ ਰਿਲੀਜ਼ ਹੋਇਆ ਸੀ, ਗੀਤ ਨੂੰ ਸਤਿਨਾਮ ਸਾਗਰ, ਸ਼ਰਨਜੀਤ ਸ਼ੰਮੀ ਅਤੇ ਗੁਰਮੀਤ ਸਿੰਘ ਵੱਲੋਂ ਗਾਇਆ ਗਿਆ ਹੈ।
ਹੁਣ ਇਹ 19 ਸਾਲ ਪੁਰਾਣਾ ਗੀਤ ਇੰਸਟਾਗ੍ਰਾਮ ਰੀਲਜ਼ ਵਿੱਚ ਟੈਂਡ ਕਰ ਰਿਹਾ ਹੈ, ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹੁਣ ਇਸ ਗੀਤ ਦੇ ਬੋਲ 'ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਮੈਨੂੰ ਛੇਤੀ ਦੇ ਡਰਾਇਵਰੀ ਸਿਖਾ...'। ਲਗਾਤਾਰ ਪੰਜਾਬੀ ਸਿਤਾਰਿਆਂ ਦੀ ਪਸੰਦ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਕਿ ਇਸ ਗੀਤ ਉਤੇ ਕਿਸ ਕਿਸ ਸਿਤਾਰੇ ਨੇ ਵੀਡੀਓ ਬਣਾਈ ਹੈ।
ਨਿਮਰਤ ਖਹਿਰਾ: ਇਸ ਲਿਸਟ ਵਿੱਚ ਸਭ ਤੋਂ ਉਪਰ ਨਿਮਰਤ ਖਹਿਰਾ ਦਾ ਨਾਮ ਆਉਂਦਾ ਹੈ, ਹਾਲ ਹੀ ਵਿੱਚ ਅਦਾਕਾਰਾ-ਗਾਇਕਾ ਨੇ ਲਾਲ ਅਤੇ ਹਰੇ ਰੰਗ ਦੀ ਪਜਾਮੀ-ਸੂਟ ਵਿੱਚ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕਾ ਲਾਲ ਰੰਗ ਦੀ ਕਾਰ ਉਤੇ ਗੇੜੇ ਲਾਉਂਦੀ ਨਜ਼ਰ ਆ ਰਹੀ ਹੈ, ਜਦੋਂ ਹੀ ਇਹ ਵੀਡੀਓ ਸ਼ੋਸ਼ਲ ਮੀਡੀਆ ਉਤੇ ਆਈ ਤਾਂ ਲੋਕਾਂ ਨੇ ਇਸ ਵੀਡੀਓ ਨੂੰ ਲਾਈਕ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ।
ਨਿਸ਼ਾ ਬਾਨੋ: ਇਸੇ ਤਰ੍ਹਾਂ ਹਾਲ ਹੀ ਵਿੱਚ ਨਿੱਕਾ ਜ਼ੈਲਦਾਰ ਵਿੱਚ ਆਪਣੇ ਬਿਹਤਰੀਨ ਕਿਰਦਾਰ ਲਈ ਜਾਣੀ ਜਾਂਦੀ ਅਦਾਕਾਰਾ ਨਿਸ਼ਾ ਬਾਨੋ ਨੇ ਵੀ ਇਸ ਗੀਤ ਉਤੇ ਆਪਣੀ ਵੀਡੀਓ ਬਣਾਈ ਹੈ ਅਤੇ ਆਪਣੇ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਅਦਾਕਾਰਾ ਨੇ ਨੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ ਅਤੇ ਅਦਾਕਾਰਾ ਐਕਟਿਵਾ ਉਤੇ ਕਿਸੇ ਫਿਲਮ ਦਾ ਸ਼ੂਟ ਕਰਦੀ ਨਜ਼ਰ ਆ ਰਹੀ ਹੈ।
ਮਨਕੀਰਤ ਔਲਖ: ਗੀਤ 'ਸਾਗਰ ਦੀ ਵਹੁਟੀ' ਉਤੇ ਗਾਇਕ ਮਨਕੀਰਤ ਔਲਖ ਨੇ ਵੀ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਗੱਡੀ ਵਿੱਚ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ ਗਾਇਕ ਨੇ ਉਨਾਬੀ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ। ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਗਿੱਪੀ ਗਰੇਵਾਲ:ਪੰਜਾਬੀ ਗਾਇਕ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਜੱਟ ਨੂੰ ਚੁੜੈਲੀ ਟੱਕਰੀ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ 15 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਇਸੇ ਤਰ੍ਹਾਂ ਗਾਇਕ ਗਿੱਪੀ ਗਰੇਵਾਲ ਨੇ ਵੀ ਇਸ ਗੀਤ ਉਤੇ ਵੀਡੀਓ ਬਣਾਈ ਹੈ, ਜਿਸ ਉਤੇ ਕਈ ਸਿਤਾਰਿਆਂ ਨੇ ਹੱਸਣ ਵਾਲੇ ਕਮੈਂਟ ਕੀਤੇ ਹਨ।
ਹਿਮਾਂਸ਼ੀ ਖੁਰਾਨਾ: ਪੰਜਾਬੀ ਸਿਨੇਮਾ ਦੀ ਮਾਡਲ ਅਦਾਕਾਰਾ ਹਿਮਾਂਸ਼ੀ ਖੁਰਾਨਾ ਵੀ ਇਸ ਗੀਤ ਉਤੇ ਵੀਡੀਓ ਬਣਾਉਣ ਲਈ ਕਿਸੇ ਵੀ ਕਲਾਕਾਰ ਤੋਂ ਘੱਟ ਨਹੀਂ ਹੈ, ਜੀ ਹਾਂ, ਹਾਲ ਹੀ ਵਿੱਚ ਹਿਮਾਂਸ਼ੀ ਖੁਰਾਨਾ ਨੇ ਵੀ ਇਸ ਗੀਤ ਉਤੇ ਸ਼ਾਨਦਾਰ ਵੀਡੀਓ ਸਾਂਝੀ ਕੀਤੀ ਹੈ, ਜਿਸ ਨੂੰ ਦੇਖ ਕੇ ਕੋਈ ਵੀ ਆਪਣੇ ਆਪ ਨੂੰ ਹੱਸਣ ਤੋਂ ਰੋਕ ਨਹੀਂ ਸਕਦਾ ਹੈ।