ਪੰਜਾਬ

punjab

By ETV Bharat Entertainment Team

Published : Feb 2, 2024, 1:00 PM IST

ETV Bharat / entertainment

ਪਾਲੀਵੁੱਡ 'ਚ ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧੀ ਚਰਚਿਤ ਸੁੰਦਰੀ ਸੁਰਭੀ ਜਯੋਤੀ, ਇਸ ਫਿਲਮ 'ਚ ਆਵੇਗੀ ਨਜ਼ਰ

Surbhi Jyoti Upcoming Punjabi Film: ਸੁਰਭੀ ਜਯੋਤੀ ਇਸ ਸਮੇਂ ਗੁਰਨਾਮ ਭੁੱਲਰ ਨਾਲ ਫਿਲਮ 'ਖਿਡਾਰੀ' ਨੂੰ ਲੈ ਕੇ ਚਰਚਾ ਵਿੱਚ ਹੈ, ਇਹ ਫਿਲਮ 9 ਫਰਵਰੀ ਨੂੰ ਰਿਲੀਜ਼ ਹੋ ਜਾਵੇਗੀ।

Surbhi Jyoti
Surbhi Jyoti

ਚੰਡੀਗੜ੍ਹ: ਟੀਵੀ ਦੇ ਮਕਬੂਲ ਰਹੇ ਸੀਰੀਅਲ 'ਕਬੂਲ ਹੈ' ਵਿੱਚ ਜ਼ੋਇਆ ਫਾਰੂਕੀ ਦੀ ਭੂਮਿਕਾ ਤੋਂ ਬਾਅਦ ਪ੍ਰਸਿੱਧੀ ਦਾ ਸਿਖਰ ਹੰਢਾਉਣ ਵਾਲੀ ਦਿਲਕਸ਼ ਅਦਾਕਾਰਾ ਸੁਰਭੀ ਜਯੋਤੀ ਅੱਜ ਟੈਲੀਵਿਜ਼ਨ ਦੀ ਦੁਨੀਆਂ ਦੇ ਮੰਨੇ ਪ੍ਰਮੰਨੇ ਅਤੇ ਉੱਚ-ਕੋਟੀ ਸਿਤਾਰਿਆਂ ਵਿੱਚ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ, ਜੋ ਅਗਲੇ ਦਿਨੀਂ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਪੰਜਾਬੀ ਫਿਲਮ 'ਖਿਡਾਰੀ' ਦੁਆਰਾ ਪਾਲੀਵੁੱਡ 'ਚ ਇੱਕ ਹੋਰ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੀ ਹੈ, ਜਿਸ ਵਿੱਚ ਇਹ ਬਿਹਤਰੀਨ ਅਦਾਕਾਰਾ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਨਾਲ ਲੀਡ ਭੂਮਿਕਾ ਵਿੱਚ ਨਜ਼ਰ ਆਵੇਗੀ।

'ਜੀਐਫਐਮ ਫਿਲਮਜ਼' ਅਤੇ 'ਰਿਵਾਜਿੰਗ ਇੰਟਰਟੇਨਮੈਂਟ' ਦੇ ਬੈਨਰ ਹੇਠ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਕਾਮਯਾਬ ਫਿਲਮਕਾਰ ਮਾਨਵ ਸ਼ਾਹ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਸਿਕੰਦਰ 2', 'ਜੱਟ ਬ੍ਰਦਰਜ਼' ਅਤੇ 'ਅੜਬ ਮੁਟਿਆਰਾਂ' ਜਿਹੀਆਂ ਕਈ ਬਿਹਤਰੀਨ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਰਾਜਸਥਾਨ-ਮੋਹਾਲੀ-ਪੰਜਾਬ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਐਕਸ਼ਨ-ਡਰਾਮਾ ਫਿਲਮ ਦਾ ਨਿਰਮਾਣ ਪਰਮਜੀਤ ਸਿੰਘ, ਰਵਿਸ਼ ਅਬਰੋਲ, ਅਕਾਸ਼ਦੀਪ ਚੈਲੀ, ਗਗਨਦੀਪ ਚੈਲੀ, ਜਦਕਿ ਸਟੋਰੀ ਅਤੇ ਸਕਰੀਨ-ਪਲੇਅ ਲੇਖਨ ਧੀਰਜ ਕੇਦਾਰਨਾਥ ਰਤਨ ਅਤੇ ਡਾਇਲਾਗ ਲੇਖਨ ਧੀਰਜ ਰਤਨ ਦੇ ਨਾਲ-ਨਾਲ ਗੁਰਪ੍ਰੀਤ ਭੁੱਲਰ ਅਤੇ ਜਿੰਮੀ ਰਾਮਪਾਲ ਵੱਲੋਂ ਕੀਤਾ ਗਿਆ ਹੈ।

ਮੂਲ ਰੂਪ ਵਿੱਚ ਪੰਜਾਬ ਦੇ ਜਲੰਧਰ ਨਾਲ ਸੰਬੰਧਤ ਅਦਾਕਾਰਾ ਸੁਰਭੀ ਜਯੋਤੀ ਦੇ ਅਦਾਕਾਰੀ ਕਰੀਅਰ ਵੱਲ ਝਾਤ ਮਾਰੀਏ ਤਾਂ ਉਨਾਂ ਅਪਣੇ ਫਿਲਮੀ ਸਫ਼ਰ ਦੀ ਸ਼ੁਰੂਆਤ ਸਾਲ 2010 ਵਿੱਚ ਆਈ ਅਤੇ ਪੰਜਾਬੀ ਸਿਨੇਮਾ ਦੇ ਅਜ਼ੀਮ ਨਿਰਦੇਸ਼ਕ ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਅਮਰਿੰਦਰ ਗਿੱਲ ਸਟਾਰਰ ਪੰਜਾਬੀ ਫਿਲਮ 'ਇੱਕ ਕੁੜੀ ਪੰਜਾਬ ਦੀ' ਨਾਲ ਕੀਤੀ।

ਉਪਰੰਤ ਉਨਾਂ ਰਵਿੰਦਰ ਗਰੇਵਾਲ ਨਾਲ 'ਰੌਲਾ ਪੈ ਗਿਆ', 'ਮੁੰਡੇ ਪਟਿਆਲੇ ਦੇ' ਆਦਿ ਜਿਹੀਆਂ ਕਈ ਪੰਜਾਬੀ ਫਿਲਮਾਂ ਵਿੱਚ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰ ਅਦਾ ਕੀਤੇ, ਜਿੰਨਾਂ ਨਾਲ ਮਿਲੀ ਸਫਲਤਾ ਅਤੇ ਸਲਾਹੁਤਾ ਨੇ ਉਨਾਂ ਨੂੰ ਬਾਲੀਵੁੱਡ ਦੀਆਂ ਬਰੂਹਾਂ ਵੱਲ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਈ।

ਮੁੰਬਈ ਗਲਿਆਰਿਆਂ ਵਿੱਚ ਪੜਾਅ ਦਰ ਪੜਾਅ ਅਪਣੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੀ ਇਹ ਬਾਕਮਾਲ ਅਦਾਕਾਰਾ ਟੀਵੀ ਦੀ ਪ੍ਰਸਿੱਧ ਅਲੌਕਿਕ ਲੜੀ 'ਨਾਗਿਨ 3' ਵਿੱਚ ਨਿਭਾਏ ਲੀਡਿੰਗ ਕਿਰਦਾਰ ਨੂੰ ਲੈ ਕੇ ਕਾਫ਼ੀ ਚਰਚਾ ਦਾ ਕੇਦਰ-ਬਿੰਦੂ ਬਣੀ ਰਹੀ ਹੈ, ਜਿਸ ਦੀਆਂ ਪੈੜਾਂ ਨੂੰ ਮੁੰਬਈ ਮਹਾਂਨਗਰ ਵਿੱਚ ਮਜ਼ਬੂਤੀ ਦੇਣ ਉਨਾਂ ਦੀ ਝੋਲੀ ਪਏ ਭਾਰਤੀ ਟੈਲੀਵਿਜ਼ਨ ਅਕੈਡਮੀ ਐਵਾਰਡ ਲੜੀ ਦਾ ਵੀ ਖਾਸਾ ਯੋਗਦਾਨ ਰਿਹਾ ਹੈ, ਜਿਸ ਵਿੱਚ ਉਸਨੂੰ ਸਰਵੋਤਮ ਅਦਾਕਾਰਾ ਲਈ ਨਾਮਜ਼ਦਗੀ ਮਿਲੀ।

ABOUT THE AUTHOR

...view details