ਚੰਡੀਗੜ੍ਹ: ਲੰਮੀ ਰਾਜਨੀਤਿਕ ਪਾਰੀ ਤੋਂ ਕੁਝ ਬ੍ਰੇਕ ਵੱਲ ਵਧੇ ਅਜ਼ੀਮ ਗਾਇਕ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਅਪਣਾ ਨਵਾਂ ਗਾਣਾ 'ਕਿੱਥੇ ਤੁਰ ਗਿਆ ਯਾਰਾਂ' ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਸਮਰਪਿਤ ਹੋਵੇਗਾ।
'ਵਿਟਲ ਰਿਕਾਰਡਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਹੰਸ ਰਾਜ ਹੰਸ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦੇ ਬੋਲ ਹਰਪ੍ਰੀਤ ਸਿੰਘ ਸੇਖੋਂ ਨੇ ਰਚੇ ਹਨ, ਜਿੰਨ੍ਹਾਂ ਵੱਲੋਂ ਬਹੁਤ ਹੀ ਭਾਵਪੂਰਨ ਰੂਪ ਵਿੱਚ ਸਿਰਜੇ ਗਏ ਇਸ ਦਿਲ-ਟੁੰਬਵੇਂ ਗਾਣੇ ਦਾ ਮਿਊਜ਼ਿਕ ਗੁਰਮੀਤ ਸਿੰਘ ਦੁਆਰਾ ਸੰਗੀਤਬੱਧ ਕੀਤਾ ਹੈ, ਜਿੰਨ੍ਹਾਂ ਵੱਲੋਂ ਮਧੁਰ ਸੰਗੀਤ ਨਾਲ ਸੰਵਾਰੇ ਗਏ 'ਲੌਂਗ ਲਾਚੀ', 'ਮੈਨੂੰ ਵਿਦਾ ਕਰੋ', 'ਪਤਲੋ', 'ਜ਼ਮਾਨਾ' ਜਿਹੇ ਕਈ ਗਾਣੇ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਗੀਤ ਨਾਲ ਦੇਣਗੇ ਮਰਹੂਮ ਗਾਇਕ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ: ਨਿਰਮਾਤਾ ਤੇਜਿੰਦਰ ਸਿੰਘ ਨਾਗਰਾ ਵੱਲੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਵਜ਼ੂਦ ਦੇਣ ਵਿੱਚ ਨਾਮਵਰ ਗੀਤਕਾਰ ਬਾਬੂ ਸਿੰਘ ਮਾਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨਾਂ ਉਕਤ ਗਾਣੇ ਨੂੰ ਲੈ ਕੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਰਹੂਮ ਸੁਰਿੰਦਰ ਸ਼ਿੰਦਾ ਨੂੰ ਸ਼ਰਧਾਂਜਲੀ ਦੇ ਤੌਰ ਉਤੇ ਸਿਰਜੇ ਗਏ ਇਸ ਗਾਣੇ ਨੂੰ ਗੀਤਕਾਰ ਸੇਖੋਂ ਵੱਲੋਂ ਬਹੁਤ ਹੀ ਖੂਬਸੂਰਤੀ ਨਾਲ ਲਿਖਿਆ ਗਿਆ ਹੈ, ਜਿੰਨ੍ਹਾਂ ਦੇ ਭਾਵਨਾਤਮਕ ਅਲਫਾਜ਼ਾਂ ਨੂੰ ਹਰਦਿਲ ਅਜ਼ੀਜ ਗਾਇਕ ਹੰਸ ਰਾਜ ਹੰਸ ਦੁਆਰਾ ਜੋ ਚਾਰ ਚੰਨ ਲਾਏ ਗਏ ਹਨ, ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।
ਸੰਗੀਤਕ ਗਲਿਆਰਿਆਂ ਵਿੱਚ ਹਵਾ ਦੇ ਇੱਕ ਤਾਜ਼ਾ ਬੁੱਲੇ ਵਾਂਗ ਆਪਣੀ ਹੋਂਦ ਦਾ ਇਜ਼ਹਾਰ ਕਰਵਾਉਣ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਪ੍ਰਭਾਵੀ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਬੌਬੀ ਬਾਜਵਾ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਬਿੱਗ ਸੈਟਅੱਪ ਅਤੇ ਸਫ਼ਲ ਗਾਣਿਆਂ ਦਾ ਨਿਰਦੇਸ਼ਨ ਕਰ ਚੁੱਕੇ ਹਨ।