ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਕਾਮੇਡੀ ਲਘੂ ਫਿਲਮਾਂ ਤੋਂ ਲੈ ਕੇ ਵੈੱਬ ਸੀਰੀਜ਼ ਦੇ ਖਿੱਤੇ ਵਿੱਚ ਬਤੌਰ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਅਦਾਕਾਰ ਦਿਲਾਵਰ ਸਿੱਧੂ, ਜੋ ਨਿਰਦੇਸ਼ਕ ਦੇ ਤੌਰ ਉਤੇ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜਿੰਨ੍ਹਾਂ ਦੇ ਇਸ ਦਿਸ਼ਾ ਵਿੱਚ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ, ਉਨ੍ਹਾਂ ਦੀ ਨਵੀਂ ਡਾਇਰੈਕਟੋਰੀਅਲ ਅਤੇ ਅਨਟਾਈਟਲ ਪੰਜਾਬੀ ਵੈੱਬ ਸੀਰੀਜ਼, ਜੋ ਕੀਤੇ ਗਏ ਰਸਮੀ ਆਗਾਜ਼ ਬਾਅਦ ਸ਼ੂਟਿੰਗ ਪੜਾਅ ਦਾ ਹਿੱਸਾ ਬਣ ਚੁੱਕੀ ਹੈ।
'ਗਿੱਲ ਫਿਲਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਵਸਕ ਸਿਨੇ-ਵਿਜ਼ਨ ਦੀ ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਐਕਸ਼ਨ-ਡਰਾਮਾ ਪੰਜਾਬੀ ਵੈੱਬ ਸੀਰੀਜ਼ ਦਾ ਲੇਖਨ ਵਿਕਰਮ ਚੌਹਾਨ ਕਰ ਰਹੇ ਹਨ, ਜੋ ਐਕਟਰ ਦੇ ਤੌਰ ਉਤੇ ਵੀ ਪਾਲੀਵੁੱਡ ਵਿੱਚ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ।
ਕਮਰਸ਼ੀਅਲ ਸਾਂਚੇ ਅਧੀਨ ਬਣਾਏ ਜਾਣ ਦੇ ਬਾਵਜੂਦ ਕੰਟੈਂਟ ਪੱਖੋਂ ਨਿਵੇਕਲੇਪਣ ਦਾ ਅਹਿਸਾਸ ਕਰਵਾਉਣ ਜਾ ਰਹੀ ਇਸ ਵੈੱਬ ਸੀਰੀਜ਼ ਦੇ ਕੈਮਰਾਮੈਨ ਬਿੱਟੂ ਗਿੱਲ ਅਤੇ ਐਸੋਸੀਏਟ ਨਿਰਦੇਸ਼ਕ ਗੁਰਪ੍ਰੀਤ ਤੋਤੀ ਹਨ, ਜੋ ਐਕਟਰ ਦੇ ਰੂਪ ਵਿੱਚ ਵੀ ਪੰਜਾਬੀ ਅਤੇ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਚੋਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ।
ਹਾਲ ਹੀ ਵਿੱਚ ਸਾਹਮਣੇ ਆਈਆਂ ਕਈ ਵੱਡੀਆਂ ਫਿਲਮਾਂ ਦਾ ਬਤੌਰ ਐਕਟਰ ਪ੍ਰਭਾਵੀ ਹਿੱਸਾ ਰਹੇ ਦਿਲਾਵਰ ਸਿੱਧੂ ਦੀ ਬੀਤੇ ਦਿਨਾਂ ਦੌਰਾਨ ਸਟ੍ਰੀਮ ਹੋਈ ਵੈੱਬ ਸੀਰੀਜ਼ ਝੁੰਗੀਆਂ ਰੋਡ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ, ਜਿਸ ਨੂੰ ਮਿਲੀ ਕਾਮਯਾਬੀ ਅਤੇ ਪ੍ਰਸ਼ੰਸਾ ਤੋਂ ਉਤਸ਼ਾਹਿਤ ਹੋਏ ਇਹ ਬਾਕਮਾਲ ਅਦਾਕਾਰ ਅਤੇ ਨਿਰਦੇਸ਼ਕ ਅਪਣੇ ਉਕਤ ਵੈੱਬ ਸੀਰੀਜ਼ ਪ੍ਰੋਜੈਕਟ ਨੂੰ ਵੀ ਨਵੇਂ ਅਯਾਮ ਦੇਣ ਵਿੱਚ ਜੁੱਟ ਚੁੱਕੇ ਹਨ, ਜਿਸ ਵਿਚਲੀ ਸਟਾਰ ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਖੁਲਾਸਾ ਉਨ੍ਹਾਂ ਦੁਆਰਾ ਜਲਦ ਕੀਤਾ ਜਾਵੇਗਾ।
ਆਗਾਮੀ ਦਿਨੀਂ ਰਿਲੀਜ਼ ਹੋਣ ਵਾਲੀਆਂ ਕਈ ਬਿੱਗ ਸੈਟਅੱਪ ਫਿਲਮਾਂ ਵਿੱਚ ਵੀ ਅਦਾਕਾਰ ਦੇ ਤੌਰ ਉਤੇ ਆਪਣੀ ਮੌਜੂਦਗੀ ਦਰਜ ਕਰਵਾਉਣ ਜਾ ਰਹੇ ਅਦਾਕਾਰ ਦਿਲਾਵਰ ਸਿੱਧੂ ਦੀਆਂ ਨਿਰਦੇਸ਼ਕ ਦੇ ਤੌਰ ਉਤੇ ਹੁਣ ਤੱਕ ਸਾਹਮਣੇ ਆਈਆਂ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਗੁਰਚੇਤ ਚਿੱਤਰਕਾਰ ਸਟਾਰਰ 'ਫੈਮਿਲੀ 420', 'ਫੈਮਿਲੀ 421', 'ਫੈਮਿਲੀ 422' ਆਦਿ ਵੀ ਸ਼ਾਮਿਲ ਰਹੀਆਂ ਹਨ।