ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਇੰਨੀਂ ਦਿਨੀਂ ਲੀਕ ਤੋਂ ਹੱਟ ਕੇ ਅਤੇ ਮਨ ਨੂੰ ਮੋਹ ਲੈਣ ਵਾਲੇ ਮੁਹਾਂਦਰੇ ਦਾ ਇਜ਼ਹਾਰ ਕਰਵਾਉਂਦੀਆਂ ਬਿਹਤਰੀਨ ਫਿਲਮਾਂ ਬਣਾਉਣ ਦਾ ਰੁਝਾਨ ਤੇਜ਼ੀ ਨਾਲ ਜਾਰੀ ਹੈ, ਜਿਸ ਦੀ ਹੀ ਮਾਣਮੱਤੀ ਲੜੀ ਦਾ ਇੱਕ ਹੋਰ ਸ਼ਾਨਦਾਰ ਅਧਿਆਏ ਬਣ ਕੇ ਸਾਹਮਣੇ ਆਉਣ ਜਾ ਰਹੀ ਹੈ ਪੰਜਾਬੀ ਫਿਲਮ 'ਸੰਦੂਕੜੀ', ਜਿਸ ਦਾ ਲੇਖਨ ਅਤੇ ਨਿਰਦੇਸ਼ਨ ਪ੍ਰਭਜੋਤ ਸਿੰਘ ਚੀਮਾ ਵੱਲੋਂ ਕੀਤਾ ਜਾਵੇਗਾ, ਜੋ ਇਸ ਫਿਲਮ ਨਾਲ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨਗੇ।
'ਦਿ ਮਿਲਦ ਪਿਕਚਰਜ਼' ਅਤੇ 'ਏਟੀਐਮਪੀ ਸਟੂਡੀਓ' ਵੱਲੋਂ ਕੁਮਾਰ ਵੀਡੀਓ ਦੀ ਨਿਰਮਾਣ ਐਸੋਸੀਏਸ਼ਨ ਅਧੀਨ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਅਸ਼ਵਨੀ ਕੁਮਾਰ ਅਤੇ ਤਰੁਣ ਕੁਮਾਰ ਹਨ ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਸਾਹਿਲ ਕਪੂਰ ਨਿਭਾਉਣਗੇ।
ਆਨ ਫਲੋਰ ਪੜਾਅ ਦਾ ਜਲਦ ਹਿੱਸਾ ਬਣਨ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਇਸ ਵਿੱਚ ਆਸ਼ੀਸ਼ ਦੁੱਗਲ, ਮਹਾਂਵੀਰ ਭੁੱਲਰ, ਜਤਿੰਦਰ ਕੌਰ, ਨਗਿੰਦਰ ਗੱਖੜ, ਸਤਵੰਤ ਕੌਰ, ਦੀਪ ਮਨਦੀਪ, ਸੰਨੀ ਗਿੱਲ, ਮਨਜੀਤ ਕੌਰ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਇਸ ਪਰਿਵਾਰਕ ਡਰਾਮਾ ਫਿਲਮ ਨੂੰ ਹੋਰ ਚਾਰ ਚੰਨ ਲਾਉਣ ਅਤੇ ਪ੍ਰਭਾਵੀ ਰੂਪ ਦੇਣ ਵਿੱਚ ਕ੍ਰਿਏਟਿਵ ਨਿਰਦੇਸ਼ਕ ਫਤਹਿ ਰੰਧਾਵਾ, ਪ੍ਰੋਡੋਕਸ਼ਨ ਮੈਨੇਜਰ ਤੇਗਵੀਰ ਕੌਰ ਅਤੇ ਬੈਕਗ੍ਰਾਊਂਡ ਸਕੋਰਰ ਐਪਸੀ ਸਿੰਘ ਵੀ ਅਹਿਮ ਭੂਮਿਕਾ ਨਿਭਾਉਣਗੇ।