ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਅਤੇ ਪਾਲੀਵੁੱਡ ਦੀ ਕੁਈਨ ਨੀਰੂ ਬਾਜਵਾ ਦੀ ਜੋੜੀ ਫਿਲਮ 'ਕਲੀ ਜੋਟਾ' ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਆਪਣੀ ਆਉਣ ਵਾਲੀ ਫਿਲਮ ਨਾਲ ਪਰਦੇ 'ਤੇ ਵਾਪਸੀ ਕਰ ਰਹੀ ਹੈ। ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ ਕਿ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਫਿਲਮ 'ਸ਼ਾਯਰ' ਲੈ ਕੇ ਆ ਰਹੇ ਹਨ। ਜੋੜੀ ਨੇ ਹਾਲ ਹੀ ਵਿੱਚ ਆਪਣੇ-ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਫਿਲਮ ਦਾ ਟੀਜ਼ਰ ਸ਼ੇਅਰ ਕੀਤਾ ਹੈ।
ਟੀਜ਼ਰ ਨੂੰ ਸਾਂਝਾ ਕਰਦੇ ਹੋਏ ਅਦਾਕਾਰ-ਗਾਇਕ ਸਤਿੰਦਰ ਸਰਤਾਜ ਨੇ ਲਿਖਿਆ, 'ਉਮੀਦਾਂ ਥੋਡੀਆਂ ਦਾ ਹੁਣ ਇਹ #ਸ਼ਾਯਰ ਹਾਣ ਹੋਵੇਗਾ, ਸ਼ਾਲਾ ਇਸ ਦਫ਼ਾ ਸਰਤਾਜ ਉੱਤੇ ਮਾਣ ਹੋਵੇਗਾ, ਸ਼ਾਯਰ ਦਾ ਟੀਜ਼ਰ ਤੁਹਾਡੇ ਦਿਲ ਦਾ ਦਰਵਾਜ਼ਾ ਖੜਕਾ ਰਿਹਾ ਹੈ।'
ਹੁਣ ਇਥੇ ਟੀਜ਼ਰ ਬਾਰੇ ਗੱਲ ਕਰੀਏ ਤਾਂ ਫਿਲਮ ਸ਼ਾਯਰ ਦਾ ਟੀਜ਼ਰ ਸਾਨੂੰ ਅਜਿਹੇ ਪੰਜਾਬ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਮਰਦ ਕੁੜਤੇ ਨਾਲ ਲਾਦਰਾ ਪਹਿਨਦੇ ਸਨ ਅਤੇ ਘਰਾਂ ਵਿੱਚ ਬਲਬਾਂ ਦੀ ਜਗ੍ਹਾਂ ਲੈਂਪ ਹੋਇਆ ਕਰਦੇ ਸਨ, ਇਸ ਤੋਂ ਇਲਾਵਾ ਔਰਤਾਂ ਅੱਖਾਂ ਵਿੱਚ ਸੁਰਮਾ ਪਾਉਣ ਲਈ ਮਾਚਿਸ ਦੀ ਤੀਲੀ ਦੀ ਵਰਤੋਂ ਕਰਿਆ ਕਰਦੀਆਂ ਸਨ। ਟੀਜ਼ਰ ਵਿੱਚ ਵਰਤਿਆ ਗਿਆ ਸੰਗੀਤ ਸਭ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਟੀਜ਼ਰ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੇ ਪ੍ਰੇਮ ਦੀ ਝਲਕ ਦੇਖੀ ਜਾ ਸਕਦੀ ਹੈ।