ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਹ ਆਪਣੇ ਗੀਤਾਂ ਨਾਲ ਲੱਖਾਂ ਦਿਲਾਂ 'ਚ ਰਹਿੰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਬਹੁਤ ਯਾਦ ਕਰ ਰਹੇ ਹਨ, ਅੱਜ ਜੇਕਰ ਇਹ ਬਿਹਤਰੀਨ ਗਾਇਕ ਜ਼ਿੰਦਾ ਹੁੰਦੇ ਤਾਂ ਆਪਣਾ 31ਵਾਂ ਜਨਮਦਿਨ ਮਨਾ ਰਹੇ ਹੁੰਦੇ।
ਜੀ ਹਾਂ...ਸ਼ੁੱਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ ਸੀ। ਗਾਇਕ ਦੀ ਮੌਤ ਤੋਂ ਬਾਅਦ ਵੀ ਉਸਦੀ ਲੱਖਾਂ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ। ਅੱਜ ਪ੍ਰਸ਼ੰਸਕ ਗਾਇਕ ਪ੍ਰਤੀ ਆਪਣੀ ਭਾਵਨਾ ਸ਼ੋਸ਼ਲ ਮੀਡੀਆ ਉਤੇ ਸਾਂਝੀ ਕਰ ਰਹੇ ਹਨ। ਉੱਥੇ ਹੀ ਗਾਇਕ ਦੀ ਮਾਂ ਨੇ ਵੀ ਕਾਫੀ ਭਾਵੁਕ ਪੋਸਟ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਹੈ।
ਗਾਇਕ ਦੀ ਮਾਂ ਚਰਨ ਕੌਰ ਨੇ ਆਪਣੇ ਇੰਸਟਾਗ੍ਰਾਮ ਉਤੇ ਲਿਖਿਆ, 'ਸ਼ੁੱਭ ਪੁੱਤ ਦੋ ਸਾਲ ਹੋ ਗਏ ਆ, ਮੈਂ ਤੁਹਾਨੂੰ ਆਪਣੀ ਬੁੱਕਲ ਵਿੱਚ ਲੈ ਪਿਆਰ ਕਰਦਿਆਂ ਜਨਮਦਿਨ ਦੀ ਵਧਾਈ ਨਹੀਂ ਦਿੱਤੀ, ਹਾਲਾਤ ਇਸ ਤਰ੍ਹਾਂ ਹੋ ਨਿਬੜਣਗੇ ਮੈਂ ਕਦੇ ਨਹੀਂ ਸੀ ਸੋਚਿਆ, ਮੈਂ ਬੇਸ਼ੱਕ ਤੁਹਾਨੂੰ ਸਰੀਰਕ ਰੂਪ ਵਿੱਚ ਦੇਖ ਨਹੀਂ ਸਕਦੀ ਪਰ ਮੈਂ ਮਨ ਦੀਆਂ ਅੱਖਾਂ ਨਾਲ ਹਰ ਸਮੇਂ ਤੁਹਾਨੂੰ ਦੇਖਦੀ ਆ ਅਤੇ ਤੁਹਾਡੇ ਨਿੱਕੇ ਵੀਰ ਵਿੱਚ ਤੁਹਾਨੂੰ ਮਹਿਸੂਸ ਕਰਦੀ ਆ, ਬੇਟਾ ਅੱਜ ਤੁਹਾਡੇ ਜਨਮਦਿਨ ਉਤੇ ਮੈਂ ਅਕਾਲ ਪੁਰਖ ਅੱਗੇ ਤੁਹਾਡੇ ਇਨਸਾਫ਼ ਦੀ ਸੁਣਵਾਈ ਜਲਦ ਹੋਵੇ ਇਹੀ ਅਰਦਾਸ ਕਰਦੀ ਆ।' ਇਸ ਦੇ ਨਾਲ ਹੀ ਉਨ੍ਹਾਂ ਨੇ ਗਾਇਕ ਦੀ ਇੱਕ ਪੁਰਾਣੀ ਤਸਵੀਰ ਵੀ ਸਾਂਝੀ ਕੀਤੀ।
ਉਲੇਖਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕ ਵਜੋਂ ਨਹੀਂ ਬਲਕਿ ਇੱਕ ਗੀਤਕਾਰ ਵਜੋਂ ਕੀਤੀ ਸੀ। ਇਸ ਮਸ਼ਹੂਰ ਗੀਤ ਦਾ ਨਾਂ ਲਾਈਸੈਂਸ ਹੈ, ਜਿਸ ਨੂੰ ਪੰਜਾਬੀ ਗਾਇਕ ਨਿੰਜਾ ਨੇ ਗਾਇਆ ਹੈ। ਸਿੱਧੂ ਮੂਸੇਵਾਲਾ ਨੂੰ ਸਭ ਤੋਂ ਵੱਧ ਪਛਾਣ ਆਪਣੇ ਮਸ਼ਹੂਰ ਗੀਤ 'ਸੋ ਹਾਈ' ਤੋਂ ਮਿਲੀ ਸੀ। ਸਿੱਧੂ ਦੇ ਇਸ ਗੀਤ ਨੂੰ ਸੰਸਾਰ ਭਰ ਦੇ ਲੋਕਾਂ ਨੇ ਕਾਫੀ ਪਿਆਰ ਕੀਤਾ ਸੀ। ਇਸ ਤੋਂ ਬਾਅਦ ਹੀ ਸਿੱਧੂ ਮੂਸੇਵਾਲਾ ਰਾਤੋ-ਰਾਤ ਚਮਕਦਾ ਸਿਤਾਰਾ ਬਣ ਗਿਆ। ਪਰ 29 ਮਈ 2022 ਦੀ ਉਹ ਕਾਲੀ ਸ਼ਾਮ ਜਿਸ ਨੇ ਅਜਿਹਾ ਦੁੱਖ ਦਿੱਤਾ, ਜਿਸ ਨੂੰ ਕੋਈ ਵੀ ਸੰਗੀਤ ਪ੍ਰੇਮੀ ਕਦੇ ਵੀ ਭੁੱਲ ਨਹੀਂ ਪਾਏਗਾ, ਕਿਉਂਕਿ ਇਸ ਦਿਨ ਗਾਇਕ ਦਾ ਕਤਲ ਕਰ ਦਿੱਤਾ ਗਿਆ ਸੀ।