ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਆਪੋ-ਆਪਣੀ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਮਨਜੀਤ ਰੂਪੋਵਾਲੀਆ ਅਤੇ ਗੁਰਲੇਜ਼ ਅਖ਼ਤਰ, ਜੋ ਅਪਣਾ ਇੱਕ ਵਿਸ਼ੇਸ਼ ਗੀਤ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੋਹਾਂ ਦੇ ਬਿਹਤਰੀਨ ਸੰਗੀਤਕ ਸੁਮੇਲ ਅਧੀਨ ਸੱਜਿਆ ਇਹ ਗਾਣਾ ਜਲਦ ਹੀ ਵੱਖ-ਵੱਖ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਰਾਏ ਬੀਟਸ' ਅਤੇ 'ਜਤਿੰਦਰ ਧੂੜਕੋਟ' ਵੱਲੋਂ ਪੂਰੀ ਸਜਧਜ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦੇ ਬੋਲ ਜਤਿੰਦਰ ਧੂੜਕੋਟ ਨੇ ਲਿਖੇ ਹਨ, ਜਦਕਿ ਸੰਗੀਤਬਧਤਾ ਨਿੰਮਾ ਵਿਰਕ ਨੇ ਕੀਤੀ ਹੈ, ਜਿੰਨ੍ਹਾਂ ਅਨੁਸਾਰ ਅਸਲ ਪੰਜਾਬ ਦੇ ਕਈ ਠੇਠ ਰੰਗਾਂ ਅਤੇ ਪਹਿਲੂਆਂ ਦੀ ਤਰਜ਼ਮਾਨੀ ਕਰਦਾ ਇਹ ਗਾਣਾ ਬਹੁਤ ਹੀ ਨਿਵੇਕਲੇ ਸੰਗੀਤਕ ਪੈਟਰਨ ਅਧੀਨ ਵਜ਼ੂਦ ਵਿੱਚ ਲਿਆਂਦਾ ਗਿਆ ਹੈ, ਜੋ ਗਾਇਕ ਮਨਜੀਤ ਰੂਪੋਵਾਲੀਆ ਵੱਲੋਂ ਬੇਹੱਦ ਖੁੰਬ ਕੇ ਗਾਇਆ ਗਿਆ ਹੈ, ਜਿਸ ਦੇ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਗੁਰਲੇਜ਼ ਅਖ਼ਤਰ ਵੱਲੋਂ ਕੀਤੀ ਪ੍ਰਭਾਵੀ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਧਾਂਕ ਜਮਾਉਣ ਅਤੇ ਵੱਡੀਆਂ ਮੱਲਾ ਮਾਰਨ ਵਾਲੇ ਪੰਜਾਬੀਆਂ ਦੇ ਦਿੜ੍ਹ ਇਰਾਦਿਆਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾ ਜੈਸੀ ਧਨੋਆ ਵੱਲੋਂ ਕੀਤੀ ਗਈ ਹੈ, ਜੋ ਬੇਸ਼ੁਮਾਰ ਪੰਜਾਬੀ ਗਾਣਿਆਂ ਨੂੰ ਬਿਹਤਰੀਨ ਰੂਪ ਦੇਣ ਅਤੇ ਕਈ ਉਭਰਦੇ ਗਾਇਕਾਂ ਨੂੰ ਅਪਣੇ ਮਨਮੋਹਕ ਵੀਡੀਓਜ਼ ਦੁਆਰਾ ਸ਼ਾਨਦਾਰ ਸਥਾਪਤੀ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਪੰਜਾਬੀ ਗਾਇਕੀ ਦੇ ਪਿੜ ਵਿੱਚ ਪਿਛਲੇ ਲੰਮੇ ਸਮੇਂ ਤੋਂ ਬਰਾਬਰਤਾ ਨਾਲ ਸਰਗਰਮ ਗਾਇਕ ਮਨਜੀਤ ਰੂਪੋਵਾਲੀਆ ਦੇ ਸਿਤਾਰੇ ਅਜੋਕੇ ਨਵੇਂ ਗਾਇਕੀ ਪੂਰ ਦੀ ਮੌਜੂਦਗੀ 'ਚ ਵੀ ਪੂਰੇ ਬੁਲੰਦੀਆਂ 'ਤੇ ਹਨ, ਜੋ ਦੇਸ਼ ਤੋਂ ਲੈ ਕੇ ਵਿਦੇਸ਼ਾਂ ਵਿੱਚ ਵੀ ਲਗਾਤਾਰ ਆਪਣੀ ਨਾਯਾਬ ਗਾਇਕੀ ਦਾ ਲੋਹਾ ਮੰਨਵਾਉਣ ਰਹੇ ਹਨ ਅਤੇ ਹੈਰਾਨੀਜਨਕ ਤੱਥ ਇਹ ਵੀ ਹੈ ਕਿ ਬਜ਼ੁਰਗਾਂ ਤੋਂ ਲੈ ਨੌਜਵਾਨੀ ਪੀੜੀ ਵੀ ਉਨਾਂ ਦੇ ਸਦਾਬਹਾਰ ਗਾਣਿਆ ਅਤੇ ਅਜੌਕੀ ਗਾਇਕੀ ਨੂੰ ਨੀਝ ਨਾਲ ਸੁਣਨਾ ਪਸੰਦ ਕਰਦੀ ਹੈ, ਜਿਸ ਦਾ ਇਜ਼ਹਾਰ ਬੀਤੇ ਦਿਨਾਂ ਦੌਰਾਨ ਰਿਲੀਜ਼ ਹੋਏ ਅਤੇ ਖਾਸੇ ਪਸੰਦ ਕੀਤੇ ਗਏ ਉਨ੍ਹਾਂ ਦੇ ਕਈ ਗਾਣੇ ਵੀ ਭਲੀਭਾਂਤ ਕਰਵਾ ਚੁੱਕੇ ਹਨ।
ਹਾਲੀਆ ਦਿਨਾਂ ਦੌਰਾਨ ਉਨ੍ਹਾਂ ਦੇ ਜਾਰੀ ਹੋਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹਾਂ ਵਿੱਚ 'ਦਿਲ ਸੋਚ ਕੇ ਲਾਵੀ', 'ਗੂੰਜੇ ਚਮਕੀਲਾ' ਆਦਿ ਵੀ ਸ਼ੁਮਾਰ ਰਹੇ ਹਨ।