ਚੰਡੀਗੜ੍ਹ:ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਉਰਫ ਸ਼ੁੱਭਦੀਪ ਸਿੰਘ ਦੀ ਗਾਇਕੀ ਦੇ ਲੋਕ ਦੀਵਾਨੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹਰ ਕੋਨੇ ਵਿੱਚ ਹਨ। ਉਨ੍ਹਾਂ ਦੀ ਪ੍ਰਸਿੱਧੀ ਕਿਸੇ ਤੋਂ ਲੁਕੀ ਨਹੀਂ ਹੈ। ਭਾਵੇਂ ਉਹ ਅੱਜ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਗੀਤਾਂ ਦੀ ਲੋਕਪ੍ਰਿਅਤਾ ਵਿੱਚ ਕੋਈ ਕਮੀ ਨਹੀਂ ਆਈ।
ਇਸ ਦਾ ਸਬੂਤ ਹਾਲ ਹੀ 'ਚ ਰਿਲੀਜ਼ ਹੋਏ ਉਨ੍ਹਾਂ ਦੇ ਕਈ ਗੀਤ ਹਨ। ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਛੇਵੇਂ ਗੀਤ ਦਾ ਐਲਾਨ ਹੋ ਗਿਆ ਹੈ, ਜਿਸ ਦਾ ਨਾਂਅ '410' ਹੈ। ਹੁਣ ਇਸ ਗੀਤ ਦਾ ਟੀਜ਼ਰ ਵੀ ਰਿਲੀਜ਼ ਕੀਤਾ ਗਿਆ ਹੈ। ਉਲੇਖਯੋਗ ਹੈ ਕਿ ਮਰਹੂਮ ਗਾਇਕ ਅੱਜ ਵੀ ਪੰਜਾਬ ਅਤੇ ਵਿਦੇਸ਼ਾਂ ਵਿੱਚ ਲੋਕਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਕੰਧਾਂ, ਟਰੱਕਾਂ ਅਤੇ ਬਾਈਕ ਉੱਤੇ ਉਸਦੇ ਸਟਿੱਕਰ ਲੱਗੇ ਹੋਏ ਮਿਲਦੇ ਹਨ।
ਕਿਵੇਂ ਦਾ ਹੈ ਗੀਤ ਦਾ ਟੀਜ਼ਰ:ਹੁਣੇ ਹੀ ਰਿਲੀਜ਼ ਹੋਏ ਟੀਜ਼ਰ ਦੀ ਸ਼ੁਰੂਆਤ ਸਿੱਧੂ ਮੂਸੇਵਾਲਾ ਦੀ ਆਵਾਜ਼ ਨਾਲ ਹੁੰਦੀ ਹੈ, ਜਿਸ ਵਿੱਚ ਉਹ ਗਾਇਕ ਸੰਨੀ ਮਾਲਟਨ ਬਾਰੇ ਬੋਲ ਰਹੇ ਹਨ। ਇਸ ਤੋਂ ਬਾਅਦ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਚੱਲਣ ਲੱਗਦੇ ਹਨ, ਜਿਸ ਵਿੱਚ 'ਉੱਚੀਆਂ ਨੇ ਗੱਲਾਂ', 'ਦਿਲ ਦਾ ਨੀ ਮਾੜਾ' ਵਰਗੇ ਗਾਇਕ ਦੇ ਸਾਰੇ ਗੀਤ ਤੇਜ਼ ਤੇਜ਼ ਸੁਣੇ ਜਾ ਸਕਦੇ ਹਨ। ਇਸ ਟੀਜ਼ਰ ਦਾ ਅੰਤ ਸੰਨੀ ਮਾਲਟਨ ਦੁਆਰਾ 'ਇੱਕ ਵਾਰ ਹੋਰ, ਆਉਣ ਦੇ ਜੱਟਾ' ਕਹਿਣ ਨਾਲ ਹੁੰਦਾ ਹੈ।
ਨਵਾਂ ਗੀਤ ਕਿਸ ਦਿਨ ਆਵੇਗਾ ਸਾਹਮਣੇ: ਉਲੇਖਯੋਗ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਇਹ ਗੀਤ 10 ਅਪ੍ਰੈਲ ਯਾਨੀ ਕਿ ਕੱਲ੍ਹ ਰਿਲੀਜ਼ ਹੋਵੇਗਾ। ਇਸ ਗੀਤ ਨੂੰ ਸਿੱਧੂ ਮੂਸੇਵਾਲਾ ਦੇ ਨਾਲ ਸੰਨੀ ਮਾਲਟਨ ਨੇ ਵੀ ਗਾਇਆ ਹੈ। ਪੂਰਾ ਗੀਤ ਸੰਨੀ ਮਾਲਟਨ ਦੇ ਯੂਟਿਊਬ ਚੈਨਲ ਉਤੇ ਰਿਲੀਜ਼ ਕੀਤਾ ਜਾਵੇਗਾ।
ਮੌਤ ਤੋਂ ਬਾਅਦ ਸਿੱਧੂ ਦੇ ਹੁਣ ਤੱਕ ਰਿਲੀਜ਼ ਹੋਏ ਗੀਤ:'410' ਸਿੱਧੂ ਦਾ ਛੇਵਾਂ ਗੀਤ ਹੈ, ਜੋ ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ। 23 ਜੂਨ 2022 ਨੂੰ ਉਹਨਾਂ ਦਾ "SYL" ਗੀਤ ਰਿਲੀਜ਼ ਹੋਇਆ ਸੀ, ਜਿਸ ਵਿੱਚ ਮੂਸੇ ਵਾਲਾ ਨੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਉਜਾਗਰ ਕੀਤਾ ਸੀ, ਗੀਤ ਨੇ ਸਿਰਫ 72 ਘੰਟਿਆਂ ਵਿੱਚ ਹੈਰਾਨੀਜਨਕ 27 ਮਿਲੀਅਨ ਵਿਊਜ਼ ਹਾਸਲ ਕੀਤੇ ਸਨ। ਹਾਲਾਂਕਿ, ਬਾਅਦ ਵਿੱਚ ਇਸਦੀ ਸਮੱਗਰੀ ਦੇ ਕਾਰਨ ਇਸਨੂੰ ਭਾਰਤ ਵਿੱਚ ਬੈਨ ਕਰ ਦਿੱਤਾ ਗਿਆ ਸੀ।
ਦੂਜਾ ਗੀਤ "ਵਾਰ" 8 ਨਵੰਬਰ 2022 ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਜਨਰਲ ਹਰੀ ਸਿੰਘ ਨਲੂਆ ਨੂੰ ਸਮਰਪਿਤ ਕੀਤਾ ਗਿਆ ਸੀ। ਤੀਜਾ "ਮੇਰਾ ਨਾਮ" 7 ਅਪ੍ਰੈਲ 2023 ਨੂੰ ਸਾਹਮਣੇ ਆਇਆ ਸੀ, ਜਿਸ ਨੇ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਸਿੱਧੂ ਮੂਸੇ ਵਾਲਾ ਦੀ ਵਿਰਾਸਤ ਨੂੰ ਹੋਰ ਮਜ਼ਬੂਤ ਕੀਤਾ। ਇਸ ਤੋਂ ਬਾਅਦ ਚੌਥਾ ਗੀਤ 'ਚੌਰਨੀ' 8 ਜੁਲਾਈ 2023 ਨੂੰ ਰਿਲੀਜ਼ ਕੀਤਾ ਗਿਆ ਸੀ, ਪੰਜਵਾਂ ਗੀਤ ਉਹਨਾਂ ਦਾ ਵਾਚ ਆਉਟ ਸੀ, ਜਿਸ ਨੂੰ ਦੀਵਾਲੀ ਉਤੇ ਰਿਲੀਜ਼ ਕੀਤਾ ਗਿਆ ਸੀ।
ਕਿਵੇਂ ਹੋਈ ਸੀ ਸਿੱਧੂ ਦੀ ਮੌਤ: ਸਿੱਧੂ ਮੂਸੇਵਾਲਾ ਨੂੰ ਪੰਜਾਬ ਦੇ ਮਾਨਸਾ ਨੇੜੇ ਪਿੰਡ 29 ਮਈ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਜਦੋਂ ਉਹ ਆਪਣੀ SUV ਚਲਾ ਰਿਹਾ ਸੀ। ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।