ਸ੍ਰੀ ਮੁਕਤਸਰ ਸਾਹਿਬ:ਸਰੀਰਕ ਮੌਤ ਤੋਂ ਬਾਅਦ ਇਸ ਜਹਾਨ 'ਚ ਜਿਉਂਦੇ ਰਹਿਣ ਵਾਲੇ ਕੁਝ ਚੁਣਿੰਦਾ ਲੋਕਾਂ ਵਿੱਚ ਮਰਹੂਮ ਪੰਜਾਬੀ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਨਾਂਅ ਵੀ ਸ਼ਾਮਿਲ ਹੈ, ਮਰਹੂਮ ਗਾਇਕ ਪੰਜਾਬ ਦਾ ਇੱਕ ਅਜਿਹਾ ਨੌਜਵਾਨ ਸੀ, ਜਿਸ ਨੂੰ ਆਉਂਦੀਆਂ ਪੀੜੀਆਂ ਕਦੇ ਨਹੀਂ ਭੁਲਾ ਸਕਦੀਆਂ। ਇਸ ਨੌਜਵਾਨ ਦੀ ਕਲਮ ਦੀ ਤਾਕਤ ਅਤੇ ਗਾਉਣ ਦਾ ਅੰਦਾਜ਼ ਵੱਡੇ ਪੱਧਰ 'ਤੇ ਲੋਕਾਂ ਨੂੰ ਆਪਣੇ ਨਾਲ ਜੋੜਦਾ ਸੀ।
ਸਿੱਧੂ ਮੂਸੇਵਾਲਾ ਦੇ ਮੂੰਹੋ ਕੱਢੇ ਗਏ ਨਾਂਅ ਵਾਲੇ ਵਿਅਕਤੀ ਰਾਤੋ-ਰਾਤ ਸਟਾਰ ਬਣੇ, ਜਿਸ ਕਰਕੇ ਉਨ੍ਹਾਂ ਦੇ ਬਾਪੂ ਬਲਕੌਰ ਸਿੰਘ ਅਕਸਰ ਹੀ ਆਖਦੇ ਹਨ ਕਿ ਉਹਨਾਂ ਦਾ ਸਵਰਗਵਾਸੀ ਪੁੱਤ ਇੱਕ ਪਾਰਸ ਸੀ, ਜਿਸ ਦੇ ਨਾਲ ਜੋ ਲੱਗ ਜਾਂਦਾ ਸੀ, ਉਹ ਉਸ ਨੂੰ ਸੋਨਾ ਬਣਾ ਦਿੰਦਾ ਸੀ। ਸ਼ਾਇਦ ਇਹਨਾਂ ਹੀ ਕੁਝ ਕਾਰਨਾਂ ਕਰਕੇ ਸਿੱਧੂ ਮੂਸੇਵਾਲਾ ਕਈ ਦੇ ਅੱਖਾਂ ਵਿੱਚ ਰੜਕਦਾ ਵੀ ਸੀ।
ਉਲੇਖਯੋਗ ਹੈ ਕਿ ਮਰਹੂਮ ਗਾਇਕ ਮੂਸੇਵਾਲਾਦੇ ਪਿਤਾ ਬਲਕੌਰ ਸਿੰਘ ਦੇ ਘਰ ਇੱਕ ਹਫ਼ਤਾ ਪਹਿਲਾਂ ਯਾਨੀ ਕਿ 17 ਮਾਰਚ ਨੂੰ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਦੂਜੇ ਭਰਾ ਦੇ ਜਨਮ ਉਪਰੰਤ ਪਰਿਵਾਰ ਅਤੇ ਕਰੀਬੀ ਰਿਸ਼ਤੇਦਾਰਾਂ ਵਿੱਚ ਖੁਸ਼ੀ ਦਾ ਅਜਿਹਾ ਮਾਹੌਲ ਹੈ, ਜਿਸ ਨੂੰ ਬਿਆਨ ਕਰਨ ਵਾਸਤੇ ਸ਼ਬਦ ਵੀ ਥੋੜ੍ਹੇ ਹਨ।
ਉੱਥੇ ਹੀ, ਪੰਜਾਬ ਦੇ ਇਤਿਹਾਸਿਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਦੇ ਰਿਟਾਇਰਡ ਥਾਣੇਦਾਰ ਕੁਲਵੰਤ ਸਿੰਘ ਨੇ ਸਾਡੀ ਨਿਊਜ਼ ਟੀਮ ਨਾਲ ਸਿੱਧੂ ਮੂਸੇਵਾਲੇ ਦੇ ਬਚਪਨ ਦੀਆਂ ਪੁਰਾਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਦੱਸਿਆ ਕਿ ਸ਼ੁੱਭਦੀਪ ਸਿੱਧੂ ਮੂਸੇਵਾਲਾ ਉਸਦੀ ਸਕੀ ਸਾਲੀ ਦਾ ਪੋਤਾ ਸੀ ਅਤੇ ਉਸ ਨੂੰ ਦਾਦੇ ਦੇ ਸਮਾਨ ਸਤਿਕਾਰ-ਪਿਆਰ ਦਿੰਦਾ ਸੀ।
ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਬਲਜਿੰਦਰ ਸਿੰਘ ਦੇ ਵਿਆਹ ਮੌਕੇ ਸ਼ੁੱਭਦੀਪ ਨੂੰ ਸਰਵਾਲਾ ਬਣਾਇਆ ਗਿਆ ਸੀ, ਕਿਉਂਕਿ ਸ਼ੁੱਭਦੀਪ ਅਤੇ ਬਲਜਿੰਦਰ ਰਿਸ਼ਤੇ ਵਿੱਚ ਚਾਚਾ-ਭਤੀਜਾ ਲੱਗਦੇ ਸਨ ਅਤੇ ਉਸ ਵੇਲੇ ਸ਼ੁੱਭਦੀਪ ਹੀ ਉਹਨਾਂ ਦੇ ਸਾਰੇ ਘਰਾਂ ਵਿੱਚੋਂ ਸਾਰਿਆਂ ਨਾਲੋਂ ਪਿਆਰਾ ਅਤੇ ਕਾਬਿਲ ਬੱਚਾ ਸੀ, ਜਿਸ ਨੂੰ ਬਲਜਿੰਦਰ ਦੇ ਵਿਆਹ ਵਿੱਚ ਸਰਵਾਲਾ ਬਣਾਇਆ ਗਿਆ।
ਵਿਆਹ ਵਾਲੇ ਲਾੜੇ ਬਲਜਿੰਦਰ ਦੀ ਮਾਂ ਖੁਸ਼ਵਿੰਦਰ ਕੌਰ ਨੇ ਦੱਸਿਆ ਕਿ ਉਸਦੀ ਸਕੀ ਭੈਣ ਦਾ ਪੋਤਾ ਸ਼ੁੱਭਦੀਪ ਸਿੰਘ ਸਿੱਧੂ ਮੂਸੇਵਾਲਾ ਬਚਪਨ ਵਿੱਚ ਇੱਕ ਸਧਾਰਨ ਬੱਚਾ ਸੀ, ਜਿਸ ਬਾਰੇ ਕਦੇ ਵੀ ਕਿਸੇ ਨੇ ਅਜਿਹਾ ਨਹੀਂ ਸੋਚਿਆ ਸੀ ਕਿ ਇਹ ਬੱਚਾ ਇੱਕ ਦਿਨ ਪੂਰੇ ਸੰਸਾਰ ਵਿੱਚ ਆਪਣੀ ਨਿਵੇਕਲੀ ਪਹਿਚਾਣ ਬਣਾਉਣ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਂਅ ਦੁਨੀਆਂ ਵਿੱਚ ਅਥਾਹ ਰੌਸ਼ਨ ਕਰੇਗਾ। ਖੁਸ਼ਵਿੰਦਰ ਕੌਰ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਬੱਚੇ ਸ਼ੁੱਭਦੀਪ ਵਰਗਾ ਇਸ ਦੁਨੀਆ ਵਿੱਚ ਨਾ ਹੀ ਕੋਈ ਹੋਇਆ ਸੀ ਅਤੇ ਨਾ ਹੀ ਕੋਈ ਹੋਰ ਹੋ ਸਕਦਾ ਹੈ।
ਰਿਟਾਇਰਡ ਥਾਣੇਦਾਰ ਕੁਲਵੰਤ ਸਿੰਘ ਨੇ ਆਪਣੀ ਭਾਵਨਾ ਸਾਂਝੀ ਕਰਦੇ ਹੋਏ ਕਿਹਾ ਕਿ ਨਵੇਂ ਸ਼ੁੱਭਦੀਪ ਦੇ ਇਸ ਦੁਨੀਆਂ 'ਚ ਆਉਣ ਨਾਲ ਬਲਕੌਰ ਸਿੰਘ ਨੂੰ ਜ਼ਿੰਦਗੀ ਜਿਉਣ ਦੀ ਵਜ੍ਹਾ ਮਿਲ ਗਈ, ਓਥੇ ਹੀ ਦੂਜਾ ਸ਼ੁੱਭਦੀਪ ਕਿਹੋ ਜਿਹੇ ਗੁਣਾਂ ਨਾਲ ਉਭਰ ਕੇ ਸਮਾਜ ਦੇ ਸਾਹਮਣੇ ਆਵੇਗਾ ਇਸ ਵਾਸਤੇ 17-18 ਸਾਲ ਦਾ ਸਮਾਂ ਹਾਲੇ ਹੋਰ ਲੱਗਣਗੇ।
ਪਰਿਵਾਰ ਨੇ ਅੱਗੇ ਆਖਿਆ ਕਿ ਛੋਟੇ ਸ਼ੁੱਭਦੀਪ ਨਾਲ ਸਮੁੱਚੀ ਦੁਨੀਆਂ ਦੀਆਂ ਦੁਆਵਾਂ ਅਤੇ ਪਿਆਰ ਜੁੜਿਆ ਹੋਇਆ ਹੈ, ਕਿਉਂਕਿ ਮਰਹੂਮ ਸਿੱਧੂ ਮੂਸੇਵਾਲਾ ਨੂੰ ਚਾਹੁੰਣ ਵਾਲਿਆਂ ਦੀ ਕਤਾਰ ਕਿਤੇ ਵੀ ਨਹੀਂ ਰੁਕਦੀ। ਇਹਨਾਂ ਦੁਆਵਾਂ ਅਤੇ ਪਿਆਰ ਦਾ ਹੀ ਇਹ ਨਤੀਜਾ ਹੋਵੇਗਾ ਕਿ ਆਉਂਦੇ ਸਮੇਂ ਵਿੱਚ ਇਹ ਛੋਟਾ ਸ਼ੁੱਭਦੀਪ ਵਾਂਗ ਪੰਜਾਬ ਅਤੇ ਪੰਜਾਬੀਆਂ ਦਾ ਨਾਂਅ ਪੂਰੀ ਦੁਨੀਆ ਵਿੱਚ ਚਮਕਾਵੇਗਾ।