ਚੰਡੀਗੜ੍ਹ: ਪੰਜਾਬੀ ਅਦਾਕਾਰ-ਗਾਇਕ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਵਿੱਚ ਹਨ। ਹਾਲ ਹੀ ਵਿੱਚ ਇਸ ਫਿਲਮ ਦਾ ਪ੍ਰੀ-ਟੀਜ਼ਰ ਅਤੇ ਟੀਜ਼ਰ ਰਿਲੀਜ਼ ਕੀਤਾ ਗਿਆ, ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ। ਇਸ ਤੋਂ ਇਲਾਵਾ ਗਾਇਕ ਆਪਣੇ ਕਈ ਗੀਤਾਂ ਕਾਰਨ ਵੀ ਚਰਚਾ ਵਿੱਚ ਹਨ। ਪਰ ਹੁਣ ਗਾਇਕ ਨੇ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਅਜਿਹੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਜੀ ਹਾਂ, ਦਰਅਸਲ ਪੰਜਾਬੀ ਅਦਾਕਾਰ-ਗਾਇਕ ਗਿੱਪੀ ਗਰੇਵਾਲ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉਤੇ ਕੁੱਝ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਦੇ ਆਈਵੀ ਡ੍ਰਿਪ ਲੱਗੀ ਹੋਈ ਹੈ, ਹਾਲਾਂਕਿ ਤਸਵੀਰਾਂ ਦੇ ਨਾਲ ਗਾਇਕ ਨੇ ਇਸ ਦਾ ਕਾਰਨ ਵੀ ਸਪੱਸ਼ਟ ਕਰ ਦਿੱਤਾ ਹੈ।
ਗਾਇਕ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ, 'ਦੇਖੋ ਕਿਸੇ ਚੀਜ਼ ਦੀ ਕਮੀ ਪੂਰੀ ਕੀਤੀ ਜਾ ਰਹੀ ਹੈ, ਤਸਵੀਰਾਂ ਚੈੱਕ ਕਰੋ, ਵਿਟਾਮਿਨ ਅਪਡੇਟ।' ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਅਦਾਕਾਰ-ਗਾਇਕ ਨੇ ਵਿਟਾਮਿਨ ਦੀ ਕਮੀ ਪੂਰੀ ਕਰਵਾਉਣ ਲਈ ਆਈ ਵੀ ਡ੍ਰਿਪ ਲਈ ਹੈ।
ਹੁਣ ਜਦੋਂ ਤੋਂ ਅਦਾਕਾਰ-ਗਾਇਕ ਨੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਪ੍ਰਸ਼ੰਸਕਾਂ ਨੇ ਚਿੰਤਾ ਵਿੱਚ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ, 'ਬਾਈ ਤੁਸੀਂ ਤਾਂ ਇੱਕ ਵਾਰ ਡਰਾ ਹੀ ਦਿੱਤਾ ਸੀ, ਮੇਰੇ ਤਾਂ ਹੌਲ਼ ਪੈਣ ਲੱਗ ਗਏ ਸੀ।' ਇੱਕ ਹੋਰ ਨੇ ਇਸ ਨੂੰ ਮਜ਼ਾਕ ਵਿੱਚ ਲੈਂਦੇ ਹੋਏ ਕਿਹਾ, ' ਲਾਸਟ ਵਿੱਚ ਦੇਖ ਕੇ ਲੱਗਦਾ ਕਿ ਦਾਰੂ ਵਾਲੀ ਬੋਤਲ ਹੀ ਚੜ੍ਹਾਈ ਜਾਣੇ ਓ ਸਿੱਧਾ।' ਇਸ ਤੋਂ ਇਲਾਵਾ ਕਈ ਪ੍ਰਸ਼ੰਸਕ ਗਾਇਕ ਲਈ ਦਿਲ ਦੇ ਇਮੋਜੀ ਵੀ ਸਾਂਝੇ ਕਰ ਰਹੇ ਹਨ।
ਹੁਣ ਜੇਕਰ ਗਾਇਕ-ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਇਹ ਬਿਹਤਰੀਨ ਗਾਇਕ ਇਸ ਸਮੇਂ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ 13 ਸਤੰਬਰ 2024 ਨੂੰ ਰਿਲੀਜ਼ ਹੋਵੇਗੀ। ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਜੈਸਮੀਨ ਭਸੀਨ, ਰਾਣਾ ਜੰਗ ਬਹਾਦਰ ਵਰਗੇ ਸ਼ਾਨਦਾਰ ਅਦਾਕਾਰ ਮੁੱਖ ਭੂਮਿਕਾ ਵਿੱਚ ਹਨ।