ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਚੌਖੀ ਭੱਲ ਸਥਾਪਿਤ ਕਰਦਾ ਜਾ ਰਿਹਾ ਅਦਾਕਾਰ ਕਵੀ ਸਿੰਘ, ਜੋ ਰਿਲੀਜ਼ ਹੋਣ ਜਾ ਰਹੀ ਅਪਣੀ ਨਵੀਂ ਪੰਜਾਬੀ ਫਿਲਮ 'ਸੈਕਟਰ 17' ਨਾਲ ਇੰਨੀਂ ਦਿਨੀਂ ਮੁੜ ਚਰਚਾ ਅਤੇ ਲਾਈਮਲਾਈਟ ਵਿੱਚ ਹੈ, ਜੋ ਇਸ ਬਹੁ-ਚਰਚਿਤ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਕਿਰਦਾਰ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਵੇਗਾ।
ਹਾਲ ਹੀ ਰਿਲੀਜ਼ ਹੋਈ ਪੰਜਾਬੀ ਫਿਲਮ 'ਰੋਡੇ ਕਾਲਜ' ਤੋਂ ਇਲਾਵਾ ਕਈ ਅਰਥ-ਭਰਪੂਰ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਅਪਣੀ ਨਾਯਾਬ ਅਦਾਕਾਰੀ ਕਲਾ ਦਾ ਲੋਹਾ ਮੰਨਵਾਉਣ ਵਿੱਚ ਸਫ਼ਲ ਰਿਹਾ ਹੈ ਇਹ ਹੋਣਹਾਰ ਅਦਾਕਾਰ, ਜਿਸ ਨੇ ਬਹੁਤ ਥੋੜੇ ਜਿਹੋ ਸਮੇਂ ਵਿੱਚ ਹੀ ਪਾਲੀਵੁੱਡ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਲਿਆ ਹੈ।
ਸਾਲ 2022 ਵਿੱਚ ਸਾਹਮਣੇ ਆਈ ਚਰਚਿਤ ਓਟੀਟੀ ਫਿਲਮ 'ਬੱਬਰ' ਨਾਲ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਪੂਰੀ ਤਰ੍ਹਾਂ ਛਾਅ ਜਾਣ ਵਾਲੇ ਇਸ ਅਦਾਕਾਰ ਨੇ ਹੁਣ ਤੱਕ ਦੇ ਅਪਣੇ ਅਦਾਕਾਰੀ ਸਫ਼ਰ ਦੌਰਾਨ ਵਿਭਿੰਨਤਾ ਭਰੇ ਕਿਰਦਾਰਾਂ ਅਤੇ ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਫਿਲਮਾਂ ਦੀ ਚੋਣ ਨੂੰ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਹਰ ਰੋਲ ਅਤੇ ਫਿਲਮ ਵਿੱਚ ਉਸਨੇ ਅਪਣੀ ਬਹੁ-ਆਯਾਮੀ ਸਮਰੱਥਾ ਦਾ ਇਜ਼ਹਾਰ ਵੱਖੋ-ਵੱਖਰੇ ਸ਼ੇਡਜ਼ ਦੇ ਰੂਪ ਵਿੱਚ ਬਾਖੂਬੀ ਕਰਵਾਇਆ ਹੈ।