ਚੰਡੀਗੜ੍ਹ:ਬਾਲੀਵੁੱਡ ਅਤੇ ਓਟੀਟੀ ਸਟਾਰ ਜਿੰਮੀ ਸ਼ੇਰਗਿੱਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਬਰਾਬਰਤਾ ਨਾਲ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾ ਰਹੇ ਹਨ, ਜੋ ਆਪਣੀ ਆਨ ਫਲੌਰ ਪੰਜਾਬੀ ਫਿਲਮ 'ਮਾਂ ਜਾਏ' ਦੀ ਸ਼ੂਟਿੰਗ ਨੂੰ ਆਖਰੀ ਛੋਹਾਂ ਦੇਣ ਵਿੱਚ ਜੁੱਟ ਚੁੱਕੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਆਖ਼ਰੀ ਸ਼ੈਡਿਊਲ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਚੁੱਕਾ ਹੈ।
'1212 ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਅਤੇ ਬਹੁ-ਚਰਚਿਤ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪਰਿਵਾਰਿਕ ਤੰਦਾਂ ਦੀ ਪੁਰਾਣੇ ਵੇਲਿਆਂ 'ਚ ਗੂੜੀ ਰਹੀ ਮਹੱਤਤਾ ਨੂੰ ਮੁੜ ਸੁਰਜੀਤੀ ਦੇਣ ਜਾ ਰਹੀ ਉਕਤ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿਜ਼ ਲੀਡ ਰੋਲ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਰਹਿਮਤ ਰਤਨ, ਪ੍ਰੀਤ ਕਮਲ, ਸ਼ਮਸ਼ੇਰ ਸਿੰਘ ਆਦਿ ਜਿਹੇ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।