ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ 'ਚ ਸ਼ਾਨਦਾਰ ਅਤੇ ਸਫਲ ਪਹਿਚਾਣ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਗਾਇਕ ਅਤੇ ਅਦਾਕਾਰ ਜੱਸੀ ਗਿੱਲ, ਜੋ ਹੁਣ ਹੌਲ਼ੀ ਹੌਲ਼ੀ ਬਾਲੀਵੁੱਡ ਵਿੱਚ ਵੀ ਅਪਣੀ ਧਾਂਕ ਜਮਾਉਂਦੇ ਜਾ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨ੍ਹਾਂ ਦੀ ਨਵੀਂ ਹਿੰਦੀ ਫਿਲਮ 'ਵਾਇਲਡ ਵਾਇਲਡ ਪੰਜਾਬ', ਜੋ ਜਲਦ ਹੀ ਓਟੀਟੀ ਪਲੇਟਫ਼ਾਰਮ ਉਪਰ ਆਨ ਸਟਰੀਮ ਹੋਣ ਜਾ ਰਹੀ ਹੈ।
ਨੈੱਟਫਲਿਕਸ 'ਤੇ ਜਾਰੀ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਾਗਡੋਰ ਸਿਮਰਪ੍ਰੀਤ ਵੱਲੋਂ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਵੈੱਬ ਸੀਰੀਜ਼ 'ਹਾਫ ਲਵ ਹਾਫ ਅਰੇਂਜਡ' ਅਤੇ 'ਕਾਲਜ ਰੁਮਾਂਸ' ਦਾ ਨਿਰਦੇਸ਼ਨ ਕਰ ਚੁੱਕੇ ਹਨ।
10 ਜੁਲਾਈ 2024 ਨੂੰ ਆਨ ਸਟ੍ਰੀਮ ਹੋਣ ਜਾ ਰਹੀ ਇਸ ਫਿਲਮ ਦੀ ਸਟਾਰ-ਕਾਸਟ ਵਿੱਚ ਜੱਸੀ ਗਿੱਲ ਤੋਂ ਇਲਾਵਾ ਵਰੁਣ ਸ਼ਰਮਾ, ਸੰਨੀ ਸਿੰਘ ਅਤੇ ਮਨਜੋਤ ਸਿੰਘ ਵੀ ਮਹੱਤਵਪੂਰਨ ਅਤੇ ਲੀਡਿੰਗ ਕਿਰਦਾਰਾਂ ਵਿੱਚ ਹਨ। ਦੋਸਤੀ ਅਤੇ ਰੋਮਾਂਚ ਭਰੀ ਇਹ ਫਿਲਮ ਚਾਰ ਦੋਸਤਾਂ ਦੀ ਇੱਕ ਲੰਬੀ ਯਾਤਰਾ ਅਤੇ ਉਨ੍ਹਾਂ ਦੀ ਜਿੰਦਗੀ ਵਿੱਚ ਹੋਈ ਉਥਲ-ਪੁਥਲ ਉਤੇ ਅਧਾਰਿਤ ਹੈ, ਜਿਸ ਵਿੱਚ ਹਿੰਦੀ ਸਿਨੇਮਾ ਦੇ ਚਰਚਿਤ ਚਿਹਰਿਆਂ ਵਿੱਚ ਸ਼ੁਮਾਰ ਕਰਵਾ ਰਹੀਆਂ ਅਦਾਕਾਰਾਂ ਪਾਤਰਾਲੇਖਾ ਅਤੇ ਇਸ਼ਿਤਾ ਰਾਜ ਵੀ ਨਜ਼ਰ ਆਉਣਗੀਆਂ, ਜਿੰਨ੍ਹਾਂ ਵੱਲੋਂ ਵੀ ਬੇਹੱਦ ਅਹਿਮ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।
ਓਟੀਟੀ ਉਤੇ ਸਾਹਮਣੇ ਆਉਣ ਜਾ ਰਹੀਆਂ ਚਰਚਿਤ ਫਿਲਮਾਂ ਵਿੱਚ ਸ਼ਾਮਿਲ ਹੋ ਚੁੱਕੀ ਇਸ ਫਿਲਮ ਨੂੰ ਲੈ ਕੇ ਅਦਾਕਾਰ ਜੱਸੀ ਗਿੱਲ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇੰਨੀਂ ਦਿਨੀਂ ਅਪਣੇ ਜਾਰੀ ਹੋਏ ਸੰਗੀਤਕ ਟਰੈਕਸ ਨੂੰ ਲੈ ਕੇ ਚਰਚਾ ਦਾ ਕੇਂਦਰਬਿੰਦੂ ਬਣੇ ਹੋਏ ਹਨ।
ਹਾਲੀਆ ਫਿਲਮ ਕਰੀਅਰ ਦੌਰਾਨ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਅਦਾਕਾਰ ਜੱਸੀ ਗਿੱਲ ਦੀ ਹਿੰਦੀ ਸਿਨੇਮਾ ਪਾਰੀ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ, ਜਿੰਨ੍ਹਾਂ ਨੂੰ ਲਗਾਤਾਰ ਮਿਲ ਰਹੀ ਇਸ ਸਲਾਹੁਤਾ ਦਾ ਪ੍ਰਗਟਾਵਾ ਉਨ੍ਹਾਂ ਦੀਆਂ ਰਿਲੀਜ਼ ਹੋਈਆਂ ਹਿੰਦੀ ਫਿਲਮਾਂ 'ਪੰਗਾ', 'ਕਿਸੀ ਕਾ ਭਾਈ ਕਿਸੀ ਕੀ ਜਾਨ' ਅਤੇ 'ਕਯਾ ਮੇਰੀ ਸੋਨਮ ਗੁਪਤਾ ਬੇਵਫਾ ਹੈ' ਵੀ ਭਲੀਭਾਂਤ ਚੁੱਕੀਆਂ ਹਨ, ਜੋ ਉਨ੍ਹਾਂ ਦੀ ਸਿਨੇਮਾ ਲੋਕਪ੍ਰਿਯਤਾ ਨੂੰ ਹੋਰ ਵਿਸਥਾਰ ਦੇਣ ਅਤੇ ਕਰੀਅਰ ਗ੍ਰਾਫ਼ ਨੂੰ ਉੱਚਾ ਚੁੱਕਣ ਵਿੱਚ ਵੀ ਸਫ਼ਲ ਰਹੀਆਂ ਹਨ।