ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਓਏ ਭੋਲੇ ਓਏ' ਨੂੰ ਲੈ ਕੇ ਕਾਫ਼ੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਬਹੁ-ਪੱਖੀ ਅਦਾਕਾਰ ਜਗਜੀਤ ਸੰਧੂ, ਜਿੰਨ੍ਹਾਂ ਨੂੰ ਨਿਵੇਕਲੇ ਵਿਸ਼ੇ-ਸਾਰ ਅਧੀਨ ਬਣਾਈ ਜਾ ਰਹੀ ਇੱਕ ਹੋਰ ਪੰਜਾਬੀ ਫੀਚਰ ਫਿਲਮ 'ਇੱਲਤੀ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਦਿਲਚਸਪ ਫਿਲਮ ਵਿੱਚ ਲੀਡ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।
'ਗੀਤ ਐਮਪੀ3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਟਾਈਟਲ ਭੂਮਿਕਾ ਨਿਭਾਉਣ ਜਾ ਰਹੇ ਹਨ ਆਦਾਕਾਰ ਜਗਜੀਤ ਸੰਧੂ, ਜਿੰਨ੍ਹਾਂ ਦੀ ਇਸ ਇੱਕ ਹੋਰ ਅਲਹਦਾ ਕੰਟੈਂਟ ਅਧਾਰਿਤ ਫਿਲਮ ਦਾ ਲੇਖਨ ਗੁਰਪ੍ਰੀਤ ਭੁੱਲਰ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਵਰਿੰਦਰ ਰਾਮਗੜੀਆਂ ਸੰਭਾਲਣਗੇ।
ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਉਕਤ ਕਾਮੇਡੀ-ਡਰਾਮਾ ਫਿਲਮ ਦਾ ਨਿਰਮਾਣ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਵੱਲੋਂ ਸੰਯੁਕਤ ਰੂਪ ਵਿੱਚ ਕੀਤਾ ਜਾ ਰਿਹਾ, ਜਿੰਨ੍ਹਾਂ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਵਿੱਚ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਮੰਨੇ ਪ੍ਰਮੰਨੇ ਕਲਾਕਾਰ ਵੀ ਮਹੱਤਵਪੂਰਨ ਰੋਲਜ਼ ਅਦਾ ਕਰਨਗੇ।
ਪਾਲੀਵੁੱਡ ਦੇ ਬਿਹਤਰੀਨ ਅਦਾਕਾਰ ਦੇ ਤੌਰ 'ਤੇ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ ਬਹੁ-ਅਯਾਮੀ ਪ੍ਰਤਿਭਾਵਾਨ ਅਦਾਕਾਰ ਜਗਜੀਤ ਸੰਧੂ, ਜਿੰਨ੍ਹਾਂ ਦੇ ਹਾਲੀਆ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬੀ ਦੇ ਨਾਲ-ਨਾਲ ਹਿੰਦੀ ਸਿਨੇਮਾ ਅਤੇ ਓਟੀਟੀ ਖੇਤਰ ਵਿੱਚ ਵੀ ਉਨ੍ਹਾਂ ਵਿਲੱਖਣ ਪਹਿਚਾਣ ਸਥਾਪਿਤ ਕਰ ਲੈਣ ਦਾ ਮਾਣ ਆਪਣੀ ਝੋਲੀ ਪਾ ਲਿਆ ਹੈ, ਜੋ ਪੜਾਅ ਦਰ ਪੜਾਅ ਹੋਰ ਉੱਚ ਬੁਲੰਦੀਆਂ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।
ਪੰਜਾਬ ਦੇ ਧਾਰਮਿਕ ਅਤੇ ਇਤਿਹਾਸਕ ਜ਼ਿਲ੍ਹੇ ਫਤਹਿਗੜ੍ਹ ਸਾਹਿਬ ਅਧੀਨ ਆਉਂਦੇ ਛੋਟੇ ਜਿਹੇ ਪਿੰਡ ਹਿੰਮਤਗੜ੍ਹ ਛੰਨਾ ਨਾਲ ਸੰਬੰਧਿਤ ਇਸ ਬਾਕਮਾਲ ਅਦਾਕਾਰ ਕਾਲਜੀ ਪੜਾਅ ਤੋਂ ਕਲਾ ਖਿੱਤੇ ਦਾ ਪ੍ਰਮੁੱਖ ਹਿੱਸਾ ਰਹੇ ਹਨ, ਜਿੰਨ੍ਹਾਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਭਾਰਤੀ ਥੀਏਟਰ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਨਾਲ ਗ੍ਰੈਜੂਏਸ਼ਨ ਕੀਤੀ ਅਤੇ ਰੰਗਮੰਚ ਦੀ ਇਸੇ ਦੁਨੀਆਂ ਨਾਲ ਸਾਲਾਂ ਤੋਂ ਬਣੇ ਆ ਰਹੇ ਇਸੇ ਜੁੜਾਵ ਨੇ ਉਨਾਂ ਦੀ ਅਦਾਕਾਰੀ ਨੂੰ ਪਰਪੱਕਤਾ ਦੇਣ ਅਤੇ ਫਿਲਮ ਜਗਤ ਵਿੱਚ ਸਥਾਪਤੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।