ਮੁੰਬਈ: ਲੋਕ ਸਭਾ ਚੋਣਾਂ 2024 ਨੂੰ ਲੈ ਕੇ ਪੂਰੇ ਦੇਸ਼ 'ਚ ਉਤਸ਼ਾਹ ਦਾ ਮਾਹੌਲ ਹੈ। ਸਾਰੀਆਂ ਸਿਆਸੀ ਪਾਰਟੀਆਂ ਇੱਕ-ਇੱਕ ਕਰਕੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਰਹੀਆਂ ਹਨ। ਇਸ ਦੌਰਾਨ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਬਾਲੀਵੁੱਡ ਤੋਂ ਵੱਡੀ ਖਬਰ ਸਾਹਮਣੇ ਆਈ ਹੈ।
ਬਾਲੀਵੁੱਡ ਦੇ 'ਹੀਰੋ ਨੰਬਰ 1' ਅਤੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਗੋਵਿੰਦਾ 28 ਮਾਰਚ ਨੂੰ ਸ਼ਿਵ ਸੈਨਾ 'ਚ ਸ਼ਾਮਲ ਹੋ ਗਏ ਹਨ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਗੋਵਿੰਦਾ ਦਾ ਪਾਰਟੀ 'ਚ ਸਵਾਗਤ ਕੀਤਾ ਹੈ। ਉਹ ਮੁੰਬਈ ਦੀ ਦੱਖਣੀ ਜਾਂ ਉੱਤਰੀ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਬਾਲੀਵੁੱਡ ਦੀਆਂ ਕਪੂਰ ਭੈਣਾਂ (ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਖਾਨ) ਵੀ ਲੋਕ ਸਭਾ ਚੋਣ ਲੜਨ ਜਾ ਰਹੀਆਂ ਹਨ। ਕਪੂਰ ਭੈਣਾਂ ਦੇ ਬਾਰੇ 'ਚ ਕਿਹਾ ਜਾ ਰਿਹਾ ਹੈ ਕਿ ਦੋਵੇਂ ਭੈਣਾਂ ਸ਼ਿੰਦੇ ਗਰੁੱਪ 'ਚ ਸ਼ਾਮਲ ਹੋ ਕੇ ਚੋਣ ਲੜਨਗੀਆਂ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਗੋਵਿੰਦਾ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ''ਫਿਲਮ ਇੰਡਸਟਰੀ ਲਈ ਕੁਝ ਕਰਨਾ ਚਾਹੁੰਦੇ ਹਨ।'' ਇਸ 'ਤੇ ਸ਼ਿੰਦੇ ਨੇ ਕਿਹਾ, ''ਉਹ ਸਰਕਾਰ ਅਤੇ ਫਿਲਮ ਇੰਡਸਟਰੀ ਵਿਚਾਲੇ ਕੜੀ ਵਜੋਂ ਕੰਮ ਕਰਨਗੇ।"
ਦਿੱਗਜ ਬਾਲੀਵੁੱਡ ਅਦਾਕਾਰ ਗੋਵਿੰਦਾ ਦੇ ਸ਼ਿਵ ਸੈਨਾ 'ਚ ਸ਼ਾਮਲ ਹੋਣ 'ਤੇ ਰਾਜ ਸਭਾ ਮੈਂਬਰ ਮਿਲਿੰਦ ਦਿਓੜਾ ਨੇ ਉਨ੍ਹਾਂ ਨੂੰ 'ਸਾਫ਼ ਦਿਲ ਵਾਲਾ ਵਿਅਕਤੀ' ਦੱਸਿਆ ਹੈ। ਉਨ੍ਹਾਂ ਕਿਹਾ, 'ਮੈਂ ਗੋਵਿੰਦਾ ਨੂੰ ਕਰੀਬ 25 ਸਾਲਾਂ ਤੋਂ ਜਾਣਦਾ ਹਾਂ, 2004 'ਚ ਅਸੀਂ ਦੋਵਾਂ ਨੇ ਇਕੱਠੇ ਚੋਣ ਲੜੀ ਸੀ। ਮੇਰੇ ਮਰਹੂਮ ਪਿਤਾ ਨੇ ਉਨ੍ਹਾਂ ਨੂੰ ਕਾਂਗਰਸ ਵਿੱਚ ਲਿਆਂਦਾ...ਉਹ ਇੱਕ ਸ਼ੁੱਧ ਦਿਲ ਵਾਲਾ ਵਿਅਕਤੀ ਹੈ ਅਤੇ ਦੇਸ਼ ਦੀ ਸੱਭਿਆਚਾਰਕ ਰਾਜਧਾਨੀ ਮੁੰਬਈ ਦੀ ਨੁਮਾਇੰਦਗੀ ਕਰਨਾ ਚਾਹੁੰਦਾ ਹੈ।'