ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਜਗਤ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਸ਼ਾਨਦਾਰ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਿੱਪੀ ਗਰੇਵਾਲ, ਜੋ ਅੱਜ ਆਪਣਾ ਨਵਾਂ ਟਰੈਕ 'ਗੇੜੀ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਵਿੱਚ ਮਸ਼ਹੂਰ ਸਿਨੇਮਾ ਅਦਾਕਾਰਾ ਸਰਗੁਣ ਮਹਿਤਾ ਫੀਚਰਿੰਗ ਕਰਦੀ ਨਜ਼ਰੀ ਪਵੇਗੀ।
'ਹੰਬਲ ਮਿਊਜ਼ਿਕ' ਦੇ ਲੇਬਲ ਅਧੀਨ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਗਿੱਪੀ ਗਾਰੇਵਾਲ ਨੇ ਦਿੱਤੀ ਹੈ, ਜਦਕਿ ਇਸਦਾ ਸੰਗੀਤ ਕੁਲਸ਼ਾਨ ਸੰਧੂ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਕ ਸਾਂਚੇ ਅਧੀਨ ਸੰਗੀਤਬੱਧ ਕੀਤੇ ਗਏ ਇਸ ਟਰੈਕ ਦੇ ਬੋਲ ਰਿੱਕੀ ਖਾਨ ਨੇ ਰਚੇ ਹਨ।
ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਨਿਵੇਕਲੀ ਧਾਂਕ ਜਮਾਉਂਦੇ ਜਾ ਰਹੇ ਗਾਇਕ-ਅਦਾਕਾਰ ਗਿੱਪੀ ਗਰੇਵਾਲ ਵੱਲੋਂ ਸਾਹਮਣੇ ਲਿਆਂਦਾ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਹੀ ਉੱਚ ਪੱਧਰੀ ਮਾਪਦੰਢਾਂ ਅਧੀਨ ਫਿਲਮਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਮਿਊਜ਼ਿਕ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਕੈਨੇਡਾ ਦੀਆਂ ਵੱਖ-ਵੱਖ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਏ ਗਏ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਅਦਾਕਾਰਾ ਸਰਗੁਣ ਮਹਿਤਾ ਦੁਆਰਾ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਸੰਗੀਤਕ ਪ੍ਰੋਜੈਕਟ ਵਿੱਚ ਬੇਹੱਦ ਦਿਲਕਸ਼ ਅਤੇ ਖੂਬਸੂਰਤ ਅੰਦਾਜ਼ ਵਿੱਚ ਵਿਖਾਈ ਦੇਵੇਗੀ।
ਹਾਲੀਆ ਦਿਨਾਂ ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬੀ ਹਾਸਿਲ ਕਰ ਰਹੀ ਪੰਜਾਬੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਵਿੱਚ ਵੀ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ, ਜੋ ਦੋਨੋਂ ਪਹਿਲੀ ਵਾਰ ਇਕੱਠਿਆਂ ਅੰਜ਼ਾਮ ਦਿੱਤੇ ਆਪਣੇ ਆਪਣੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਨੂੰ ਲੈ ਕੇ ਵੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
ਪੰਜਾਬੀ ਸਿਨੇਮਾ ਦੀਆਂ ਚਰਚਿਤ ਆਨ ਸਕਰੀਨ ਜੋੜੀਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਰਹੇ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਇੰਨੀਂ ਦਿਨੀਂ ਇੱਕ ਹੋਰ ਵੱਡੇ ਫਿਲਮ ਪ੍ਰੋਜੈਕਟ ਆਉਣ ਵਾਲੇ ਦਿਨਾਂ 'ਕੈਰੀ ਆਨ ਜੱਟੀਏ' ਦਾ ਵੀ ਹਿੱਸਾ ਬਣੇ ਹੋਏ ਹਨ, ਜਿੰਨਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ, ਜਦਕਿ ਨਿਰਮਾਣ ਜਿੰਮੇਵਾਰੀਆਂ ਗਿੱਪੀ ਗਰੇਵਾਲ ਦਾ ਘਰੇਲੂ ਹੋਮ ਪ੍ਰੋਡੋਕਸ਼ਨ 'ਹੰਬਲ ਮੋਸ਼ਨ ਪਿਕਚਰਜ਼' ਦੁਆਰਾ ਸੰਭਾਲੀਆਂ ਜਾ ਰਹੀਆਂ ਹਨ।