ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਕ ਸਿਮਰਨਜੀਤ ਸਿੰਘ ਹੁੰਦਲ, ਜਿੰਨ੍ਹਾਂ ਵੱਲੋਂ ਅਪਣੀ ਪਹਿਲੀ ਓਟੀਟੀ ਫਿਲਮ 'ਕਾਂਸਟੇਬਲ ਹਰਜੀਤ ਕੌਰ' ਦਾ ਆਗਾਜ਼ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਕੇਬਲਵਨ ਅਤੇ ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਸ਼ਾਲੀਮਾਰ ਪ੍ਰੋਡੋਕਸ਼ਨ ਲਿਮਿ. ਦੀ ਇਨ' ਐਸੋਸੀਏਸ਼ਨ ਅਧੀਨ ਬਣਾਈ ਜਾ ਰਹੀ ਇਸ ਓਟੀਟੀ ਫਿਲਮ ਦਾ ਨਿਰਮਾਣ ਸੁਮਿਤ ਸਿੰਘ ਅਤੇ ਤ੍ਰਿਲੋਕ ਕੋਠਾਰੀ ਕਰ ਰਹੇ ਹਨ।
ਸੱਚੀ ਕਹਾਣੀ ਅਤੇ ਘਟਨਾਕ੍ਰਮ ਦੁਆਲੇ ਬੁਣੀ ਜਾ ਰਹੀ ਫਿਲਮ ਦਾ ਸਕਰੀਨ ਪਲੇਅ ਲੇਖਨ ਸਿਮਰਨਜੀਤ ਸਿੰਘ ਹੁੰਦਲ ਅਤੇ ਸੁਧਾਸ਼ੂ ਪਰਾਸ਼ਰ ਲਿਖ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫ਼ਰ ਵਜੋਂ ਜਿੰਮੇਵਾਰੀ ਧੀਰੇਂਦਰ ਸ਼ੁਕਲਾ ਨਿਭਾਉਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਨੂੰ ਸ਼ਾਨਦਾਰ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਓਟੀਟੀ ਦੀ ਦੁਨੀਆਂ ਵਿੱਚ ਚਰਚਾ ਦਾ ਕੇਂਦਰ ਬਣਨ ਵੱਲ ਵੱਧ ਚੁੱਕੀ ਉਕਤ ਵੈੱਬ ਫਿਲਮ ਦੇ ਐਸੋਸੀਏਟ ਨਿਰਦੇਸ਼ਕ ਸੁਧਾਸ਼ੂ ਪ੍ਰਰਾਸ਼ਰ, ਕਾਸਟਿਊਮ ਡਿਜ਼ਾਈਨਰ ਨਿਤਾਸ਼ਾ ਭਠੇਜਾ, ਪ੍ਰੋਡੋਕਸ਼ਨ ਡਿਜ਼ਾਈਨਰ ਤਪਿਸ਼ ਸੋਨੀ ਅਤੇ ਲਾਈਨ ਨਿਰਮਾਤਾ ਗਿੱਲ ਮਲਕੀਤ ਹਨ।
ਅਰਥ ਭਰਪੂਰ ਅਤੇ ਅਲਹਦਾ ਕੰਟੈਂਟ ਅਧਾਰਿਤ ਇਸ ਵੈੱਬ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਸੋਨੀਆ ਮਾਨ, ਕਵੀ ਸਿੰਘ, ਗੁਰਪ੍ਰੀਤ ਰਟੌਲ, ਅਭੈ ਐਸ ਅੱਤਰੀ, ਮਨੀ ਕੁਲਾਰ, ਪ੍ਰੀਤ ਗਰੇਵਾਲ, ਜਸਵੰਤ ਸਿੰਘ ਰਠੌਰ ਅਤੇ ਅਨੀਤਾ ਮੀਤ ਸ਼ਾਮਿਲ ਹਨ, ਜੋ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲਹਦਾ ਹੱਟ ਕੇ ਕਾਫ਼ੀ ਮਹੱਤਵਪੂਰਨ ਰੋਲਜ਼ ਅਦਾ ਕਰਨ ਜਾ ਰਹੇ ਹਨ।
ਹਾਲ ਹੀ ਵਿੱਚ ਸਾਹਮਣੇ ਆਈਆਂ ਪੰਜਾਬੀ ਫਿਲਮਾਂ 'ਮਾਈਨਿੰਗ', 'ਕੁਲਚੇ ਛੋਲੇ', 'ਰੱਬਾ ਰੱਬਾ ਮੀਂਹ ਵਰਸਾ ਦਾ' ਨਿਰਦੇਸ਼ਨ ਕਰ ਚੁੱਕੇ ਸਿਮਰਨਜੀਤ ਸਿੰਘ ਹੁੰਦਲ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਦੇ ਰੂਪ ਬਣਾਈ 'ਜੱਟ ਬੁਆਏਜ਼' ਵੀ ਖਾਸੀ ਕਾਮਯਾਬੀ ਅਤੇ ਚਰਚਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ।