ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਛਾਅ ਜਾਣ ਵਾਲੇ ਨਵੇਂ ਅਤੇ ਪ੍ਰਤਿਭਾਸ਼ਾਲੀ ਫਨਕਾਰਾਂ ਵਿੱਚੋ ਮੋਹਰੀ ਬਣ ਉੱਭਰ ਰਹੀ ਗਾਇਕਾ ਮਨਲੀਨ ਰੇਖੀ, ਜੋ ਆਪਣਾ ਨਵਾਂ ਟਰੈਕ 'ਮੇਰੀ ਜਾਨ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਰੁਮਾਂਟਿਕ ਗੀਤ ਨੂੰ ਆਵਾਜ਼ ਮਨਲੀਨ ਰੇਖੀ ਨੇ ਦਿੱਤੀ ਹੈ, ਜਦਕਿ ਇਸ ਦੇ ਮਨ ਨੂੰ ਮੋਹ ਲੈਣ ਸੰਗੀਤ ਦੀ ਬੱਧਤਾ ਰੂਪ ਘੁਮਾਣ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਮਧੁਰ ਧੁੰਨਾਂ ਅਧੀਨ ਤਿਆਰ ਕੀਤੇ ਇਸ ਸਦਾ ਬਹਾਰ ਗਾਣੇ ਦੇ ਸ਼ਬਦ ਰੂਹ ਸੰਧੂ ਨੇ ਰਚੇ ਹਨ।
ਹਾਲ ਹੀ ਦੇ ਦਿਨਾਂ ਵਿੱਚ ਕੈਨੇਡਾ ਦਾ ਸਫਲ ਗਾਇਕੀ ਟੂਰ ਸੰਪੂਰਨ ਕਰਕੇ ਵਾਪਸ ਆਪਣੇ ਵਤਨ ਅਤੇ ਸ਼ਹਿਰ ਮੋਹਾਲੀ ਪਰਤੀ ਗਾਇਕਾ ਮਨਲੀਨ ਰੇਖੀ ਅਨੁਸਾਰ ਪੰਜਾਬੀ ਗਾਇਕੀ ਵਿੱਚ ਕੁਝ ਨਾ ਕੁਝ ਨਿਵੇਕਲਾ ਕਰਨਾ ਹਮੇਸ਼ਾ ਹੀ ਉਸ ਦੀਆਂ ਪਹਿਲਕਦਮੀਆਂ ਵਿੱਚ ਸ਼ਾਮਿਲ ਰਿਹਾ ਹੈ ਅਤੇ ਉਸ ਦੀ ਇਸੇ ਸੋਚ ਦਾ ਪ੍ਰਗਟਾਵਾ ਕਰਵਾਉਣ ਜਾ ਰਿਹਾ ਉਸਦਾ ਇਹ ਨਵਾਂ ਗਾਣਾ ਜਿਸ ਵਿੱਚ ਦੇਸੀ ਅਤੇ ਆਧੁਨਿਕ ਸੰਗੀਤ ਦਾ ਬਹੁਤ ਖੂਬਸੂਰਤ ਸੁਮੇਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਸੁਣਨ ਅਤੇ ਵੇਖਣ ਵਾਲਿਆ ਨੂੰ ਅਨੂਠੀ ਸੰਗੀਤਕ ਤਰੋ-ਤਾਜ਼ਗੀ ਦਾ ਵੀ ਅਹਿਸਾਸ ਕਰਵਾਏਗਾ।
ਪਾਲੀਵੁੱਡ ਦੀਆਂ ਬਿਹਤਰੀਨ ਅਦਾਕਾਰਾਂ ਵਿੱਚ ਆਪਣਾ ਸ਼ੁਮਾਰ ਕਰਵਾ ਚੁੱਕੀ ਆਪਣੀ ਵੱਡੀ ਭੈਣ ਸ਼ਵਿਨ ਰੇਖੀ ਵਾਂਗ ਆਪਣੇ ਪਰਿਵਾਰ ਦੇ ਨਾਂਅ ਨੂੰ ਹੋਰ ਰੁਸ਼ਨਾਉਣ ਦੀ ਤਾਂਘ ਲੱਗਦੀ ਇਸ ਪ੍ਰਤਿਭਾਸ਼ਾਲੀ ਗਾਇਕਾ ਨੇ ਅਪਣੇ ਮਨ ਦੇ ਵਲਵਲੇ ਸਾਂਝੇ ਕਰਦਿਆਂ ਦੱਸਿਆ ਕਿ ਕਮਰਸ਼ੀਅਲ ਅਤੇ ਸੂਫੀ ਗਾਇਕੀ ਦੋਨੋਂ ਹੀ ਉਸਦੀ ਗਾਇਨ ਸ਼ੈਲੀਆਂ ਉਸ ਦੀ ਗਾਇਕੀ ਪ੍ਰੈਫਰੈਂਸ ਵਿੱਚ ਸ਼ਾਮਿਲ ਰਹੀਆਂ ਹਨ, ਜਿੰਨ੍ਹਾਂ ਦੇ ਪੈਟਰਨ ਅਨੁਸਾਰ ਹੀ ਉਹ ਆਪਣੇ ਗਾਇਕੀ ਸਫ਼ਰ ਨੂੰ ਪੜਾਅ ਦਰ ਪੜਾਅ ਅੱਗੇ ਵਧਾ ਰਹੀ ਹੈ, ਜਿਸ ਦਾ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਉਹ ਅਪਣੇ ਗਾਇਕੀ ਕਰੀਅਰ ਨੂੰ ਕਿਸੇ ਇੱਕ ਸੰਗੀਤਕ ਦਾਇਰੇ ਤੱਕ ਮਹਿਦੂਦ ਨਹੀਂ ਰੱਖਣਾ ਚਾਹੁੰਦੀ ਅਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹਰ ਰੰਗ ਦੇ ਉਨ੍ਹਾਂ ਦੇ ਗਾਣਿਆਂ ਨੂੰ ਚਾਹੁੰਣ ਵਾਲਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।