ਹੈਦਰਾਬਾਦ: ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਐਮਰਜੈਂਸੀ' ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਹੋਈ ਹੈ। ਫਿਲਮ ਵਿਵਾਦਾਂ ਦੇ ਘੇਰੇ ਤੋਂ ਬਾਹਰ ਨਹੀਂ ਆ ਸਕੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਤੋਂ ਬਾਅਦ ਆਸਟ੍ਰੇਲੀਆਂ ਸਥਿਤ ਸਿੱਖ ਕੌਂਸਲ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ 'ਤੇ ਆਧਾਰਿਤ ਇਸ ਸਿਆਸੀ ਡਰਾਮੇ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇੱਕ ਮੀਡੀਆ ਬਿਆਨ ਵਿੱਚ ਸਿੱਖ ਕੌਂਸਲ ਆਫ ਆਸਟ੍ਰੇਲੀਆਂ ਨੇ ਇਤਿਹਾਸਕ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਅਤੇ ਸਿੱਖ ਸ਼ਹੀਦਾਂ ਪ੍ਰਤੀ ਨਿਰਾਦਰ ਕਰਨ ਲਈ ‘ਐਮਰਜੈਂਸੀ’ 'ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਇੱਕ ਰਿਪੋਰਟ ਵਿੱਚ ਸ਼ਿਕਾਇਤਕਰਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ, 'ਅਸੀਂ ਤੁਹਾਡੇ ਸਿਨੇਮਾਘਰਾਂ ਵਿੱਚ ਇਸ ਫਿਲਮ ਦੀ ਸਕ੍ਰੀਨਿੰਗ ਨੂੰ ਲੈ ਕੇ ਬਹੁਤ ਚਿੰਤਤ ਹਾਂ।'
ਬਿਆਨ ਵਿੱਚ ਅੱਗੇ ਕਿਹਾ ਗਿਆ ਹੈ, 'ਇਹ ਫਿਲਮ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਿੱਖ ਸ਼ਹੀਦਾਂ ਦੀ ਬਹਾਦਰੀ ਵਾਲੀ ਭੂਮਿਕਾ ਨੂੰ ਇਸ ਤਰੀਕੇ ਨਾਲ ਦਰਸਾਉਂਦੀ ਹੈ ਜੋ ਬੇਹੱਦ ਅਪਮਾਨਜਨਕ ਹੈ। ਫਿਲਮ ਸਿੱਖ ਕੌਮ ਲਈ ਮਹੱਤਵਪੂਰਨ ਅਤੇ ਦਰਦਨਾਕ ਇਤਿਹਾਸਕ ਘਟਨਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ।'
ਅੱਗੇ ਕਿਹਾ ਗਿਆ ਹੈ, 'ਫਿਲਮ ਆਸਟ੍ਰੇਲੀਆਂ ਵਿੱਚ ਹਿੰਦੂ ਸਮਰਥਕਾਂ ਸਮੇਤ ਸਿੱਖ ਪੰਜਾਬੀ ਭਾਈਚਾਰੇ ਅਤੇ ਗੈਰ-ਹਿੰਦੂਤਵ ਸਮਰਥਕਾਂ ਵਿੱਚ ਬੇਚੈਨੀ ਪੈਦਾ ਕਰਨ ਦੀ ਸੰਭਾਵਨਾ ਹੈ। ਫਿਲਮ ਵਿੱਚ ਸਿੱਖ ਕੌਮ ਦੇ ਉੱਘੇ ਆਗੂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਚਿੱਤਰਣ ਨੇ ਚਿੰਤਾ ਵਧਾ ਦਿੱਤੀ ਹੈ। ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਆਸਟ੍ਰੇਲੀਆਂ ਦੇ ਸਿੱਖ ਅਤੇ ਹਿੰਦੂ ਭਾਈਚਾਰਿਆਂ ਦਰਮਿਆਨ ਸਿਆਸੀ ਤਣਾਅ ਵਧੇਗਾ ਅਤੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇਗੀ।'
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 6 ਸਤੰਬਰ ਦੁਨੀਆਂ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ।