ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਅਤੇ ਸਫਲਤਮ ਨਿਰਦੇਸ਼ਕਾਂ ਵਿੱਚ ਸ਼ੁਮਾਰ ਕਰਵਾਉਣ ਤੋਂ ਬਾਅਦ ਨਿਰਦੇਸ਼ਕ ਅਨੁਰਾਗ ਸਿੰਘ ਹੁਣ ਬਾਲੀਵੁੱਡ 'ਚ ਵੀ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਜੋ ਬਤੌਰ ਨਿਰਦੇਸ਼ਕ 'ਬਾਰਡਰ 2' ਦਾ ਨਿਰਦੇਸ਼ਨ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਇਹ ਇੱਕ ਹੋਰ ਬਹੁ-ਚਰਚਿਤ ਹਿੰਦੀ ਫਿਲਮ ਬਹੁਤ ਜਲਦ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਟੀ-ਸੀਰੀਜ਼ ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਮਾਣ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੁਆਰਾ ਕੀਤਾ ਜਾਵੇਗਾ। ਸਾਲ 2019 ਵਿੱਚ ਰਿਲੀਜ਼ ਹੋਈ ਅਤੇ ਅਪਾਰ ਕਾਮਯਾਬ ਰਹੀ ਅਕਸ਼ੈ ਕੁਮਾਰ ਸਟਾਰਰ 'ਕੇਸਰੀ' ਨਾਲ ਮੁੰਬਈ ਗਲਿਆਰਿਆਂ ਵਿੱਚ ਬਤੌਰ ਨਿਰਦੇਸ਼ਕ ਚੌਖੀ ਭੱਲ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਫਿਲਮਕਾਰ ਅਨੁਰਾਗ ਸਿੰਘ, ਜੋ ਪੰਜ ਸਾਲ ਦੇ ਲੰਮੇਂ ਵਕਫ਼ੇ ਬਾਅਦ ਅਪਣੀ ਇਹ ਨਵੀਂ ਹਿੰਦੀ ਫਿਲਮ ਦਾ ਨਿਰਦੇਸ਼ਿਤ ਕਰਨ ਜਾ ਰਹੇ ਹਨ।
ਬਾਲੀਵੁੱਡ ਦੀਆਂ ਬਲਾਕ ਬਾਸਟਰ ਫਿਲਮਾਂ ਵਿੱਚ ਸ਼ਾਮਿਲ ਰਹੀ ਅਤੇ ਸਾਲ 1997 ਵਿੱਚ ਰਿਲੀਜ਼ ਹੋਈ ਫਿਲਮ 'ਬਾਰਡਰ' ਦੇ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਜਾ ਰਹੀ 'ਬਾਰਡਰ 2' ਵਿੱਚ ਸੰਨੀ ਦਿਓਲ ਲੀਡਿੰਗ ਭੂਮਿਕਾ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਹਿੰਦੀ ਸਿਨੇਮਾ ਦੇ ਹੋਰ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੇ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਹੇਠ ਆਉਂਦੇ ਜ਼ਿਲਾਂ ਕਪੂਰਥਲਾ ਨਾਲ ਸੰਬੰਧਤ ਨਿਰਦੇਸ਼ਕ ਅਨੁਰਾਗ ਸਿੰਘ ਅੱਜਕੱਲ੍ਹ ਬਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਆਪਣਾ ਸ਼ੁਮਾਰ ਕਰਵਾ ਰਹੇ ਹਨ, ਜਿੰਨਾਂ ਦੇ ਇੱਕ ਹੋਰ ਡਰੀਮ ਪ੍ਰੋਜੈਕਟ ਦੇ ਤੌਰ ਉਤੇ ਵਜ਼ੂਦ ਵਿੱਚ ਆ ਰਹੀ ਉਕਤ ਫਿਲਮ ਦਾ ਬੈਕਡਰਾਪ ਆਰਮੀ ਬੈਕਗ੍ਰਾਊਂਡ ਦੁਆਲੇ ਹੀ ਕੇਂਦਰਿਤ ਕੀਤਾ ਜਾ ਰਿਹਾ ਹੈ, ਜਿਸ ਨੂੰ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤਾ ਜਾਵੇਗਾ, ਜਿਸ ਨੂੰ ਲੈ ਕੇ ਪ੍ਰੀ ਪ੍ਰੋਡੋਕਸ਼ਨ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹਨ।
ਹਿੰਦੀ ਸਿਨੇਮਾ ਦੇ ਮਸ਼ਹੂਰ ਫਿਲਮਕਾਰ ਰਹੇ ਸਵ: ਰਾਜ ਕੰਵਰ ਦੇ ਨਾਲ ਐਸੋਸੀਏਟ ਨਿਰਦੇਸ਼ਕ ਦੇ ਤੌਰ ਉਤੇ ਆਪਣੇ ਨਿਰਦੇਸ਼ਨ ਕਰੀਅਰ ਦਾ ਆਗਾਜ਼ ਕਰਨ ਵਾਲੇ ਨਿਰਦੇਸ਼ਕ ਅਨੁਰਾਗ ਸਿੰਘ ਪੰਜਾਬੀ ਸਿਨੇਮਾ ਦੇ ਹਿੱਟ ਫਿਲਮਮੇਕਰ ਦੇ ਤੌਰ ਉਤੇ ਵੀ ਜਾਂਣੇ ਜਾਂਦੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਫਿਲਮਾਂ 'ਜੱਟ ਐਂਡ ਜੂਲੀਅਟ', 'ਜੱਟ ਐਂਡ ਜੂਲੀਅਟ 2', 'ਪੰਜਾਬ 1984' ਆਦਿ ਸ਼ੁਮਾਰ ਰਹੀਆਂ ਹਨ।