ਚੰਡੀਗੜ੍ਹ: ਬਾਲੀਵੁੱਡ ਵਿੱਚ ਲੰਮੇਂ ਸਮੇਂ ਦੀ ਸਿਨੇਮਾ ਦੂਰੀ ਉਪਰੰਤ ਮਸ਼ਹੂਰ ਅਦਾਕਾਰ ਡੀਨੋ ਮੋਰਿਆ ਇੱਕ ਵਾਰ ਮੁੜ ਸਿਲਵਰ ਸਕ੍ਰੀਨ ਉਤੇ ਅਪਣੀ ਸਰਗਰਮੀ ਵਧਾਉਂਦੇ ਨਜ਼ਰੀ ਆ ਰਹੇ ਹਨ, ਜੋ ਇਸੇ ਕਾਰਜਸ਼ੀਲਤਾ ਨੂੰ ਜਾਰੀ ਰੱਖਦਿਆਂ ਇੰਨੀਂ-ਦਿਨੀਂ ਕਸ਼ਮੀਰ ਪੁੱਜੇ ਹੋਏ ਹਨ, ਜਿੰਨ੍ਹਾਂ ਵੱਲੋਂ ਉੱਥੇ ਆਨ ਫਲੋਰ ਪੜਾਅ ਦਾ ਹਿੱਸਾ ਬਣ ਚੁੱਕੀ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਗਲੈਮਰ ਦੀ ਦੁਨੀਆਂ ਮੁੰਬਈ ਦੇ ਗਲਿਆਰਿਆਂ ਵਿੱਚ ਅੱਜ ਵੀ ਚਰਚਿਤ ਚਿਹਰੇ ਵਜੋਂ ਅਪਣਾ ਸ਼ੁਮਾਰ ਕਰਵਾਉਂਦੇ ਅਦਾਕਾਰ ਡੀਨੋ ਮੋਰਿਆ ਹਾਲ ਹੀ ਵਿੱਚ ਸਾਹਮਣੇ ਆਈ ਤੇਲਗੂ ਫਿਲਮ 'ਏਜੰਟ' ਅਤੇ ਮਾਲਿਆਲਮ ਫਿਲਮ 'ਬਾਂਦਰਾ' ਦੁਆਰਾ ਸਾਊਥ ਦੇ ਫਿਲਮ ਜਗਤ ਵਿੱਚ ਵੀ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿਸ ਦੇ ਨਾਲ-ਨਾਲ ਓਟੀਟੀ ਪਲੇਟਫ਼ਾਰਮਜ਼ ਉਪਰ ਵੀ ਉਹ ਅਪਣੀ ਨਿਵੇਕਲੀ ਧਾਂਕ ਜਮਾਉਣ ਦਾ ਰਾਹ ਤੇਜੀ ਨਾਲ ਸਰ ਕਰ ਰਹੇ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਵੱਲੋਂ ਨਿਰਮਿਤ ਕੀਤੀ ਅਤੇ 'ਜੀ5' ਉਤੇ ਆਨ ਸਟਰੀਮ ਹੋਈ 'ਹੈਲਮੇਟ' ਵੀ ਕਰਵਾ ਚੁੱਕੀ ਹੈ।
ਸਾਲ 1999 ਵਿੱਚ ਰਿਲੀਜ਼ ਹੋਈ ਹਿੰਦੀ ਫਿਲਮ 'ਪਿਆਰ ਮੇਂ ਕਭੀ ਕਭੀ' ਦੁਆਰਾ ਬਾਲੀਵੁੱਡ ਵਿੱਚ ਪ੍ਰਭਾਵੀ ਡੈਬਿਊ ਕਰਨ ਵਾਲੇ ਇਹ ਡੈਸ਼ਿੰਗ ਅਦਾਕਾਰ 'ਰਾਜ਼', 'ਗੁਨਾਹ', 'ਬਾਜ਼: ਏ ਬਰਡ ਇਨ ਡੇਂਜਰ', 'ਰਕਤ' ਅਤੇ 'ਐਸਿਡ ਫੈਕਟਰੀ' ਵਰਗੀਆਂ ਕਈ ਬਹੁ-ਚਰਚਿਤ ਫਿਲਮਾਂ 'ਚ ਵੀ ਅਪਣੀ ਬਿਹਤਰੀਨ ਅਦਾਕਾਰੀ ਕਲਾ ਦਾ ਲੋਹਾ ਮੰਨਵਾ ਚੁੱਕੇ ਹਨ।
ਇਸ ਦੇ ਨਾਲ ਹੀ ਸਾਲ 2010 'ਚ ਸਾਹਮਣੇ ਆਏ ਰਿਐਲਟੀ ਸ਼ੋਅ 'ਖਤਰੋਂ ਕੇ ਖਿਲਾੜੀ' ਦੇ ਵਿਜੇਤਾ ਰਹੇ ਇਹ ਬਾਕਮਾਲ ਅਦਾਕਾਰ ਮਾਡਲਿੰਗ ਦੇ ਖੇਤਰ ਵਿੱਚ ਵੀ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਦੀ ਓਟੀਟੀ ਦੇ ਖੇਤਰ ਵਿੱਚ ਮੰਗ ਅਤੇ ਲੋਕਪ੍ਰਿਯਤੀ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਦਾ ਸਿਹਰਾ ਉਨ੍ਹਾਂ ਵੱਲੋਂ ਕੀਤੀਆਂ ਵੈੱਬ ਸੀਰੀਜ਼ 'ਤਾਂਡਵ' ਅਤੇ 'ਦਿ ਐਂਪਾਇਰ' ਨੂੰ ਜਾਂਦਾ ਹੈ, ਜਿੰਨ੍ਹਾਂ ਵਿੱਚ ਉਨ੍ਹਾਂ ਵੱਲੋਂ ਅਦਾ ਕੀਤੇ ਚਰਚਿਤ ਕਿਰਦਾਰ ਦਰਸ਼ਕਾਂ ਦਾ ਦਿਲ ਜਿੱਤ ਲੈਣ ਵਿੱਚ ਪੂਰੀ ਤਰ੍ਹਾਂ ਦਾ ਕਾਮਯਾਬ ਤਾਂ ਰਹੇ ਹੀ ਹਨ, ਨਾਲ ਹੀ ਇੰਨ੍ਹਾਂ ਸੀਰੀਜ਼ ਨੇ ਅਦਾਕਾਰ ਦੇ ਸਿਨੇਮਾ ਖੇਤਰ ਵਿੱਚ ਪੈਦਾ ਹੋਏ ਖਲਾਅ ਨੂੰ ਭਰਨ ਵਿੱਚ ਅਹਿਮ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ।
ਫਿਲਮਕਾਰ ਪੂਜਾ ਭੱਟ ਵੱਲੋਂ ਨਿਰਦੇਸ਼ਿਤ ਕੀਤੀ ਅਤੇ ਸਾਲ 2012 ਵਿੱਚ ਰਿਲੀਜ਼ ਹੋਈ 'ਜਿਸਮ 2' ਨਾਲ ਬਤੌਰ ਨਿਰਮਾਤਾ ਆਪਣੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਫਲ ਰਹੇ ਡੀਨੋ ਮੋਰਿਆ ਕਸ਼ਮੀਰ ਵਿੱਚ ਸ਼ੁਰੂ ਹੋ ਚੁੱਕੀ ਆਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਇਸ ਫਿਲਮ ਵਿੱਚ ਲੀਡਿੰਗ ਕਿਰਦਾਰ ਅਦਾ ਕਰਦੇ ਵਿਖਾਈ ਦੇਣਗੇ, ਜਿਸ ਸੰਬੰਧਤ ਅਹਿਮ ਪਹਿਲੂਆਂ ਦਾ ਐਲਾਨ ਨਿਰਮਾਣ ਟੀਮ ਵੱਲੋਂ ਜਲਦ ਕੀਤਾ ਜਾਵੇਗਾ।