ਪੰਜਾਬ

punjab

ETV Bharat / entertainment

ਅਗਲੇ ਸਾਲ ਸਿਨੇਮਾਘਰਾਂ 'ਚ ਆਏਗੀ ਸੁਨਾਮੀ, 'ਇੱਲਤੀ' ਅਤੇ 'ਸੌਂਕਣ ਸੌਂਕਣੇ 2' ਸਮੇਤ ਰਿਲੀਜ਼ ਹੋਣਗੀਆਂ ਇਹ ਪੰਜਾਬੀ ਫਿਲਮਾਂ

ਇੱਥੇ ਅਸੀਂ ਕਈ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜੋ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ।

Punjabi Films Releasing In Year 2025
Punjabi Films Releasing In Year 2025 (ETV Bharat)

By ETV Bharat Entertainment Team

Published : 4 hours ago

Punjabi Films Releasing In Year 2025:ਸਾਲ 2024 ਵਿੱਚ ਪੰਜਾਬੀ ਸਿਨੇਮਾ ਦੀਆਂ ਕਈ ਵੱਡੀਆਂ ਫਿਲਮਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਹੁਣ ਸਾਲ 2024 ਖਤਮ ਹੋਣ ਵਾਲਾ ਹੈ। ਸਾਲ 2024 ਦੇ ਅੰਤ ਤੋਂ ਪਹਿਲਾਂ ਅਸੀਂ ਇੱਥੇ ਇੱਕ ਅਜਿਹੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ 2025 ਵਿੱਚ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ ਨੂੰ ਸ਼ਾਮਲ ਕੀਤਾ ਹੈ। ਆਓ ਲਿਸਟ ਉਤੇ ਸਰਸਰੀ ਨਜ਼ਰ ਮਾਰੀਏ...।

  • ਸਾਲ ਦੇ ਅੰਤਿਮ ਮਹੀਨੇ ਰਿਲੀਜ਼ ਹੋਣ ਜਾ ਰਹੀਆਂ ਫਿਲਮਾਂ

ਵੱਡਾ ਘਰ

'ਰੋਬੀ ਐਂਡ ਲਾਡੀ ਫਿਲਮ ਪ੍ਰੋਡੋਕਸ਼ਨ' ਅਤੇ 'ਜਸਬੀਰ ਗੁਣਾਚੌਰੀਆ ਪ੍ਰੋਡੋਕਸ਼ਨ ਲਿਮਿਟਡ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਕਮਲਜੀਤ ਸਿੰਘ ਅਤੇ ਗੋਲਡੀ ਢਿੱਲੋਂ ਕੈਨੇਡਾ ਦੁਆਰਾ ਕੀਤਾ ਗਿਆ ਹੈ। ਕੈਨੇਡਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੀ ਸਟਾਰ-ਕਾਸਟ ਵਿੱਚ ਜੋਬਨਪ੍ਰੀਤ ਸਿੰਘ, ਮੈਂਡੀ ਤੱਖੜ, ਨਿਰਮਲ ਰਿਸ਼ੀ, ਅਮਰ ਨੂਰੀ, ਸਰਦਾਰ ਸੋਹੀ, ਰਵਿੰਦਰ ਮੰਡ, ਭਿੰਦਾ ਔਜਲਾ, ਕੁਵਲੀਨ, ਤਰਸੇਮ ਪਾਲ, ਸਤਵੰਤ ਕੌਰ, ਬਲਬੀਰ ਬੋਪਾਰਾਏ, ਗੁਰਬਾਜ ਸੰਧੂ, ਹਰਪ ਨਾਜ, ਸੁਖਵਿੰਦਰ ਰੋਡੇ ਸ਼ਾਮਿਲ ਹਨ।

ਇਸੇ ਮਹੀਨੇ 13 ਦਸੰਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦੁਆਰਾ ਮੈਂਡੀ ਤੱਖੜ ਅਤੇ ਜੋਬਨਪ੍ਰੀਤ ਦੀ ਔਨ ਸਕ੍ਰੀਨ ਜੋੜੀ ਕਾਫ਼ੀ ਲੰਮੇਂ ਵਕਫ਼ੇ ਬਾਅਦ ਸਿਨੇਮਾ ਦਰਸ਼ਕਾਂ ਦੇ ਸਨਮੁੱਖ ਹੋਵੇਗੀ, ਜੋ ਇਸ ਤੋਂ ਪਹਿਲਾਂ ਸਾਲ 2019 ਵਿੱਚ ਸਾਹਮਣੇ ਆਈ ਅਰਥ-ਭਰਪੂਰ ਫਿਲਮ 'ਸਾਕ' ਵਿੱਚ ਇਕੱਠਿਆਂ ਨਜ਼ਰ ਆਏ ਸਨ, ਜਿਸ ਵਿੱਚ ਇੰਨ੍ਹਾਂ ਦੋਹਾਂ ਦੀ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।

ਪੰਜਾਬ ਫਾਇਲਸ

'ਸ਼ਾਨ ਏ ਖਾਲਸਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਦਾ ਲੇਖਨ ਡਾ. ਰੁਪਿੰਦਰ ਸਿੰਘ, ਜਦਕਿ ਨਿਰਦੇਸ਼ਨ ਮਨਜੋਤ ਸਿੰਘ (ਐਮਜੇ) ਵੱਲੋਂ ਕੀਤਾ ਗਿਆ ਹੈ। ਪੀਰੀਅਡ ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਪ੍ਰੀਤ ਘੁੱਗੀ, ਅਮੀਕ ਵਿਰਕ, ਹਸ਼ਨੀਨ ਕੌਰ, ਹਰਜੋਤ ਸਿੰਘ, ਅਰਵਿੰਦਰ ਕੌਰ, ਸਤਵੰਤ ਕੌਰ, ਅੰਮ੍ਰਿਤਪਾਲ ਸਿੰਘ ਬਿੱਲਾ ਆਦਿ ਸ਼ੁਮਾਰ ਹਨ। ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਗਈ ਉਕਤ ਫਿਲਮ ਦਾ ਸੰਗੀਤ ਜੇਕੇ ਅਤੇ ਟੇਏਵੀ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਬੱਧਤਾ ਅਧੀਨ ਤਿਆਰ ਕੀਤੇ ਗਏ ਉਕਤ ਫਿਲਮ ਦੇ ਗਾਣਿਆ ਨੂੰ ਸਲੀਮ ਮਰਚੈਂਟ, ਸ਼ਫਕਤ ਅਮਾਨਤ ਅਲੀ, ਜਾਵੇਦ ਅਲੀ, ਜਸਪਿੰਦਰ ਨਰੂਲਾ, ਜਸਬੀਰ ਜੱਸੀ, ਸਨਮ ਮਾਰਵੀ ਅਤੇ ਜਾਜ਼ਿਮ ਸ਼ਰਮਾ ਦੁਆਰਾ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ। 13 ਦਸੰਬਰ 2024 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਹ ਪ੍ਰਭਾਵਪੂਰਨ ਫਿਲਮ ਸਿੱਖ ਇਤਿਹਾਸ ਨਾਲ ਜੁੜੇ ਸੁਨਹਿਰੇ ਪੰਨਿਆਂ ਨੂੰ ਸਮਰਪਿਤ ਕੀਤੀ ਗਈ ਹੈ।

  • ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਪੰਜਾਬੀ ਫਿਲਮਾਂ ਦੀ ਲਿਸਟ

ਮਝੈਲ

'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਮਲਟੀ-ਸਟਾਰਰ ਫਿਲਮ ਦੇ ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਹਨ, ਜਿੰਨ੍ਹਾਂ ਦੁਆਰਾ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਦੇਵ ਖਰੌੜ, ਗੁੱਗੂ ਗਿੱਲ ਅਤੇ ਰੂਪੀ ਗਿੱਲ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਧੀਰਜ ਕੁਮਾਰ, ਕੁਲ ਸਿੱਧੂ, ਹੋਬੀ ਧਾਲੀਵਾਲ, ਮਾਰਕ ਰੰਧਾਵਾ, ਵੱਡਾ ਗਰੇਵਾਲ ਵੀ ਮਹੱਤਵਪੂਰਨ ਕਿਰਦਾਰ ਵਿੱਚ ਹਨ।

31 ਜਨਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਐਕਸ਼ਨ ਡਰਾਮਾ ਅਧਾਰਿਤ ਉਕਤ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਬਾਲੀਵੁੱਡ ਪੱਧਰੀ ਤਕਨੀਕੀ ਤਾਣੇ-ਬਾਣੇ ਵਿੱਚ ਬੁਣੀ ਗਈ ਇਸ ਫਿਲਮ ਦੀ ਸਟੋਰੀ, ਸਕ੍ਰੀਨ ਪਲੇਅ ਅਤੇ ਨਿਰਦੇਸ਼ਨ ਤਿੰਨੋਂ ਜ਼ਿੰਮੇਵਾਰੀਆਂ ਨੂੰ ਧੀਰਜ ਕੇਦਾਰਨਾਥ ਰਤਨ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਿੰਨ੍ਹਾਂ ਨਾਲ ਸਹਿ ਲੇਖਕ ਦੇ ਰੂਪ ਵਿੱਚ ਮਨਾਲਿਆ ਰਤਨ ਵੱਲੋਂ ਵੀ ਇਸ ਫਿਲਮ ਨੂੰ ਪ੍ਰਭਾਵਪੂਰਨ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਹੈ।

ਹੁਸ਼ਿਆਰ ਸਿੰਘ

'ਓਮ ਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਇਸ ਫਿਲਮ ਦੁਆਰਾ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

07 ਫਰਵਰੀ 2025 ਨੂੰ ਰਿਲੀਜ਼ ਹੋਣ ਜਾ ਰਹੀ ਇਸ ਖੂਬਸੂਰਤ ਕਹਾਣੀ ਅਧਾਰਿਤ ਫਿਲਮ ਦੇ ਨਿਰਮਾਤਾ ਅੰਸ਼ੂ ਮੁਨੀਸ਼ ਸਾਹਨੀ, ਸਹਿ ਨਿਰਮਾਣਕਾਰ ਸੁਵਿਧਾ ਸਾਹਨੀ ਅਤੇ ਫਿਰਦੋਸ ਪ੍ਰੋਡੋਕਸ਼ਨ ਹਨ, ਜਦਕਿ ਨਿਰਦੇਸ਼ਨ ਕਮਾਂਡ ਉਦੈ ਪ੍ਰਤਾਪ ਸਿੰਘ ਵੱਲੋਂ ਸੰਭਾਲੀ ਗਈ ਹੈ। ਮੇਨ ਸਟ੍ਰੀਮ ਫਿਲਮਾਂ ਦੀ ਲਕੀਰ ਤੋਂ ਇਕਦਮ ਲਾਂਭੇ ਹੱਟ ਕੇ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੇ ਲੇਖਕ ਜਗਦੀਪ ਸਿੰਘ ਵੜਿੰਗ ਹਨ, ਜਿੰਨ੍ਹਾਂ ਵੱਲੋਂ ਲਿਖੀ ਇਸ ਬਿਹਤਰੀਨ ਫਿਲਮ ਦੀ ਸਹਿਯੋਗੀ ਸਟਾਰ-ਕਾਸਟ ਵਿੱਚ ਬੀਐਨ ਸ਼ਰਮਾ, ਰਾਣਾ ਰਣਬੀਰ, ਸੁਖਵਿੰਦਰ ਰਾਜ, ਸਰਦਾਰ ਸੋਹੀ, ਮਲਕੀਤ ਰੌਣੀ, ਪ੍ਰਕਾਸ਼ ਗਾਧੂ ਆਦਿ ਵੀ ਸ਼ਾਮਿਲ ਹਨ।

ਇੱਲਤੀ

'ਗੀਤ ਐਮਪੀ 3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਸੰਯੁਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆ ਵੱਲੋਂ ਕੀਤਾ ਗਿਆ ਹੈ। ਨਿਰਮਾਤਾ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ 24 ਫਰਵਰੀ 2025 ਨੂੰ ਸਾਹਮਣੇ ਲਿਆਂਦੀ ਜਾ ਰਹੀ ਇਸ ਫਿਲਮ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਘੂਵੀਰ ਬੋਲੀ, ਅਨੀਤਾ ਦੇਵਗਨ, ਸੁਰਿੰਦਰ ਸ਼ਰਮਾ, ਸੰਜੂ ਸੋਲੰਕੀ, ਦਲਜਿੰਦਰ ਬਸਰਾ, ਜਤਿੰਦਰ ਰਾਮਗੜ੍ਹੀਆ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਦਿਲਚਸਪ-ਡਰਾਮਾ ਫਿਲਮ ਦੇ ਡੀਓਪੀ ਸੁੱਖ ਕੰਬੋਜ਼, ਬੈਕਗਰਾਊਂਡ ਸਕੋਰਰ ਕਵਿਨ ਰਾਏ, ਸੰਪਾਦਕ ਕ੍ਰਿਸ਼ਨਾ ਰੋਡੇ, ਕਾਰਜਕਾਰੀ ਨਿਰਮਾਤਾ ਜੀਤ ਭੰਗੂ ਅਤੇ ਲਾਈਨ ਨਿਰਮਾਤਾ ਗੈਵੀ ਮਨੋਚਾਹਲ ਹਨ।

ਬਦਨਾਮ

'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਭੱਟ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਨਿਰਦੇਸ਼ਿਤ ਕੀਤੀ ਗਈ ਇਸ ਐਕਸ਼ਨ ਡਰਾਮਾ ਫਿਲਮ ਵਿੱਚ ਜੈ ਰੰਧਾਵਾ ਅਤੇ ਬਾਲੀਵੁੱਡ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਮੁਕੇਸ਼ ਰਿਸ਼ੀ, ਨਿਰਮਲ ਰਿਸ਼ੀ, ਵਰੀਜੇਸ਼ ਹਿਰਜੇ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਹਨ।

'ਓਮ ਜੀ ਡਿਸਟਰੀਬਿਊਸ਼ਨ' ਗਰੁੱਪ ਵੱਲੋਂ 28 ਫ਼ਰਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਬਿੱਗ ਸੈੱਟਅਪ ਫਿਲਮ ਦੇ ਨਿਰਮਾਤਾ ਗੌਰਵ ਭਾਟੀਆ, ਦੀਕਸ਼ਤ ਸਾਹਨੀ, ਜੱਸੀ ਲੋਹਕਾ, ਜਗ ਬੋਪਾਰਾਏ, ਮੋਹਿਤ ਸ਼ਰਮਾ, ਸਕ੍ਰੀਨ ਪਲੇਅ ਲੇਖਕ ਸਿਧਾਰਥ ਗਰਿਮਾ, ਡੀਓਪੀ ਨੀਰਜ ਸਿੰਘ, ਸੰਪਾਦਕ ਮਨਦੀਪ ਸਿੰਘ ਅਤੇ ਐਕਸ਼ਨ ਡਾਇਰੈਕਟਰ ਪਰਮਜੀਤ ਢਿੱਲੋਂ ਹਨ।

ਮਿੱਠੜੇ

'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਅੰਬਰਦੀਪ ਸਿੰਘ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਇਸ ਪਰਿਵਾਰਕ ਡਰਾਮਾ ਫਿਲਮ ਵਿੱਚ ਤਾਨੀਆ, ਲਕਸ਼ ਦੁਲੇਹ, ਰੂਪੀ ਗਿੱਲ ਲੀਡਿੰਗ ਰੋਲਜ਼ ਵਿੱਚ ਹਨ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਬੀਐਨ ਸ਼ਰਮਾ, ਗੁਰਪ੍ਰੀਤ ਭੰਗੂ, ਸੁਖੀ ਚਾਹਲ, ਮਿੰਟੂ ਕਾਪਾ, ਪਰਮਵੀਰ ਸਿੰਘ, ਸੁਵਿਧਾ ਦੁੱਗਲ, ਪਰਮਵੀਰ ਸਿੰਘ ਅਤੇ ਅੰਬਰਦੀਪ ਸਿੰਘ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ 21 ਮਾਰਚ 2025 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਸੰਗੀਤ ਅਵੀ ਸਰਾਂ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਗੀਤਾਂ ਦੀ ਰਚਨਾ ਹੈਪੀ ਰਾਏਕੋਟੀ, ਬੀਰ ਸਿੰਘ, ਚਰਨ ਲਿਖਾਰੀ ਦੁਆਰਾ ਕੀਤੀ ਗਈ ਹੈ।

ਸੌਂਕਣ ਸੌਂਕਣੇ 2

'ਨਾਦ ਸਟੂਡਿਓਜ਼ ਪ੍ਰਾਈਵੇਟ ਲਿਮਟਿਡ' ਅਤੇ 'ਡਰਾਮੀਯਾਤਾ ਇੰਟਰਟੇਨਮੈਂਟ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਜਤਿਨ ਸੇਠੀ, ਰਵੀ ਦੂਬੇ ਅਤੇ ਸਰਗੁਣ ਮਹਿਤਾ, ਜਦਕਿ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਗਈ ਇਸ ਫਿਲਮ ਦੇ ਲੇਖਕ ਅੰਬਰਦੀਪ ਸਿੰਘ ਹਨ।

ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਸੌਂਕਣ ਸੌਂਕਣੇ' ਦੇ ਸੀਕਵਲ ਰੂਪ ਵਿੱਚ ਵਜ਼ੂਦ ਵਿੱਚ ਲਿਆਂਦੀ ਗਈ ਅਤੇ 30 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਐਮੀ ਵਿਰਕ, ਸਰਗੁਣ ਮਹਿਤਾ ਅਤੇ ਨਿਮਰਤ ਖਹਿਰਾ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।

ਅਕਾਲ

'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣ ਰਹੀ ਇਸ ਪੀਰੀਅਡ ਡਰਾਮਾ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਕਰ ਰਹੇ ਹਨ। ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਿੱਗ ਬਜਟ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਜਾ ਰਹੀ ਉਕਤ ਫਿਲਮ 10 ਅਪ੍ਰੈਲ 2025 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ, ਜਿਸ ਦੇ ਸਿਨੇਮੈਟੋਗ੍ਰਾਫਰੀ ਪੱਖ ਬਲਜੀਤ ਸਿੰਘ ਦਿਓ ਸੰਭਾਲਣਗੇ, ਜੋ ਇਸ ਤੋਂ 'ਮਿਰਜ਼ਾ ਦਾ ਅਨਟੋਲਡ ਸਟੋਰੀ', 'ਮੰਜੇ ਬਿਸਤਰੇ', 'ਮੰਜੇ ਬਿਸਤਰੇ 2', 'ਫਰਾਰ', 'ਮਾਂ', 'ਡਾਕਾ', 'ਹੀਰੋ ਨਾਮ ਯਾਦ ਰੱਖੀ' ਨੂੰ ਵੀ ਪ੍ਰਭਾਵੀ ਮੁਹਾਂਦਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।

ਨਿਰਮਾਣ ਪੜ੍ਹਾਅ ਤੋਂ ਹੀ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਵਿੱਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਅਤੇ ਬਾਲੀਵੁੱਡ ਦੇ ਸੁਪ੍ਰਸਿੱਧ ਐਕਟਰ ਨਿਕਤਨ ਧੀਰ ਵੀ ਮਹੱਤਵਪੂਰਨ ਸਪੋਰਟਿੰਗ ਰੋਲਜ਼ ਵਿੱਚ ਹਨ।

ਸਰਬਾਲ੍ਹਾ ਜੀ

'ਟਿਪਸ ਫਿਲਮਜ਼' ਦੇ ਬੈਨਰ ਹੇਠ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਤਾ ਕੁਮਾਰ ਤੁਰਾਨੀ, ਜਦਕਿ ਨਿਰਦੇਸ਼ਨ ਮਨਦੀਪ ਕੁਮਾਰ ਵੱਲੋਂ ਕੀਤਾ, ਜੋ ਇਸ ਤੋਂ ਪਹਿਲਾਂ 'ਜਿਹਨੇ ਮੇਰਾ ਦਿਲ ਲੁੱਟਿਆ' ਅਤੇ 'ਕਪਤਾਨ' ਦਾ ਨਿਰਦੇਸ਼ਨ ਕਰ ਚੁੱਕੇ ਹਨ।

ਪੰਜਾਬ ਦੇ ਪੁਰਾਤਨ ਮਾਹੌਲ ਦੀ ਤਰਜ਼ਮਾਨੀ ਕਰਦੀ ਅਤੇ 18 ਜੁਲਾਈ 2025 ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਪੀਰੀਅਡ ਡਰਾਮਾ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਗਿੱਪੀ ਗਰੇਵਾਲ, ਐਮੀ ਵਿਰਕ, ਸਰਗੁਣ ਮਹਿਤਾ, ਨਿਮਰਤ ਖਹਿਰਾ, ਗੁੱਗੂ ਗਿੱਲ ਆਦਿ ਸ਼ੁਮਾਰ ਹਨ। ਉੱਚ ਪੱਧਰੀ ਤਕਨੀਕੀ ਮਾਪਦੰਡਾਂ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਚਰਚਿਤ ਬਾਲੀਵੁੱਡ ਅਦਾਕਾਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖਾਨ-ਦੀਪਿਕਾ ਪਾਦੂਕੋਣ ਸਟਾਰਰ 'ਚੇੱਨਈ ਐਕਸਪ੍ਰੈੱਸ' ਸਮੇਤ ਕਈ ਵੱਡੀਆਂ ਅਤੇ ਮਲਟੀ-ਸਟਾਰਰ ਹਿੰਦੀ ਫਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details