ਚੰਡੀਗੜ੍ਹ: ਹਿੰਦੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਬਿਹਤਰੀਨ ਐਕਸ਼ਨ ਡਾਇਰੈਕਟਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਸ਼ਾਮ ਕੌਸ਼ਲ, ਜੋ ਨਿਰਮਾਣ ਅਧੀਨ ਪੰਜਾਬੀ ਫਿਲਮ 'ਮਝੈਲ' ਦੇ ਐਕਸ਼ਨ ਨੂੰ ਕੋਰਿਓਗ੍ਰਾਫ਼ ਕਰਨ ਲਈ ਪੰਜਾਬ ਪੁੱਜ ਚੁੱਕੇ ਹਨ, ਜਿੰਨ੍ਹਾਂ ਵੱਲੋਂ ਕਈ ਖਤਰਨਾਕ ਫਾਈਟ ਦ੍ਰਿਸ਼ਾਂ ਨੂੰ ਅੰਜ਼ਾਮ ਦਿੱਤੇ ਜਾਣ ਦੀ ਕਵਾਇਦ ਅਪਣੀ ਟੀਮ ਸਮੇਤ ਸ਼ੁਰੂ ਕਰ ਦਿੱਤੀ ਗਈ ਹੈ।
'ਗੀਤ ਐਮਪੀ 3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਨਾਲ ਜੁੜੇ ਰਹੇ ਹਨ।
ਐਕਸ਼ਨ ਡਰਾਮਾ ਕਹਾਣੀ ਸਾਰ ਅਧੀਨ ਬਣਾਈ ਜਾ ਰਹੀ ਉਕਤ ਬਿੱਗ ਸੈਟਅੱਪ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮ ਵਿੱਚ ਦੇਵ ਖਰੌੜ ਅਤੇ ਅਦਿਤੀ ਆਰਿਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕਰੀਨ ਸਾਂਝੀ ਕਰਨਗੇ, ਜਿੰਨ੍ਹਾਂ ਤੋਂ ਇਲਾਵਾ ਗੁੱਗੂ ਗਿੱਲ, ਹੌਬੀ ਧਾਲੀਵਾਲ, ਜਗਜੀਤ ਸੰਧੂ ਵਰਗੇ ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਵਿਖਾਈ ਦੇਣਗੇ।
ਨਿਰਮਾਣ ਪੜਾਅ ਤੋਂ ਹੀ ਚਰਚਾ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫਿਲਮ ਦਾ ਐਕਸ਼ਨ ਭਾਗ ਇਸ ਦਾ ਖਾਸ ਆਕਰਸ਼ਣ ਰਹੇਗਾ, ਜਿਸ ਨੂੰ ਫਿਲਮਬੱਧ ਕਰਨ ਲਈ ਹਿੰਦੀ ਸਿਨੇਮਾ ਦੇ ਉੱਘੇ ਐਕਸ਼ਨ ਨਿਰਦੇਸ਼ਕ ਅਤੇ 'ਬਜਰੰਗੀ ਭਾਈਜਾਨ', 'ਉਚਾਈ', 'ਡੰਕੀ' ਜਿਹੀਆਂ ਫਿਲਮਾਂ ਦਾ ਫਾਈਟ ਸੰਯੋਜਨ ਕਰ ਚੁੱਕੇ ਸ਼ਾਮ ਕੌਸ਼ਲ ਪਟਿਅਆਲਾ ਨੇੜਲੇ ਸ਼ੂਟਿੰਗ ਸਪਾਟ ਵਿਖੇ ਪੁੱਜ ਚੁੱਕੇ ਹਨ, ਜਿੰਨ੍ਹਾਂ ਵੱਲੋਂ ਵੱਡੇ ਸਕੇਲ ਅਧੀਨ ਮਾਰ-ਧਾੜ ਦ੍ਰਿਸ਼ਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ, ਜਿਸ ਦੌਰਾਨ ਦੇਵ ਖਰੌੜ, ਗੁੱਗੂ ਗਿੱਲ ਉਪਰ ਕਈ ਰੋਮਾਂਚਿਕ ਅਤੇ ਖਤਰਨਾਕ ਦ੍ਰਿਸ਼ ਫਿਲਮਾਏ ਜਾ ਰਹੇ ਹਨ।
ਪੰਜਾਬੀ ਸਿਨੇਮਾ ਦੇ ਸੱਚੇ ਐਕਸ਼ਨ ਹੀਰੋ ਵਜੋਂ ਆਪਣੀ ਭੱਲ ਸਥਾਪਿਤ ਕਰ ਚੁੱਕੇ ਅਦਾਕਾਰ ਦੇਵ ਖਰੌੜ ਦਾ ਇਸ ਫਿਲਮ ਵਿੱਚ ਇੱਕ ਵਾਰ ਫਿਰ ਨਵਾਂ ਪ੍ਰਭਾਵੀ ਰੂਪ ਵੇਖਣ ਨੂੰ ਮਿਲੇਗਾ, ਜਿੰਨ੍ਹਾਂ ਵੱਲੋਂ ਹਰ ਵਾਰ ਦੀ ਤਰ੍ਹਾਂ ਇਸ ਫਿਲਮ ਵਿੱਚਲੇ ਅਪਣੇ ਰੋਲ ਨੂੰ ਵੀ ਨਿਵੇਕਲਾ ਮੁਹਾਂਦਰਾ ਦੇਣ ਦੀ ਸਿਰੜੀ ਮਿਹਨਤ ਕੀਤੀ ਜਾ ਰਹੀ ਹੈ।
ਬਾਲੀਵੁੱਡ ਦੇ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਨਾਲ ਜੁੜੇ ਕੁਝ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਹ ਧੀਰਜ ਕੇਦਾਰਨਾਥ ਰਤਨ ਵੱਲੋਂ ਨਿਰਦੇਸ਼ਿਤ ਕੀਤੀ ਤੀਸਰੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਇਸ਼ਕ ਬਰਾਂਡੀ', 'ਸਾਡੀ ਲਵ ਸਟੋਰੀ' ਜਿਹੀਆਂ ਚਰਚਿਤ ਪੰਜਾਬੀ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।