ਚੰਡੀਗੜ੍ਹ: ਪੰਜਾਬੀ ਸਿਨੇਮਾ ਨੂੰ ਨਵੇਂ ਅਯਾਮ ਦੇਣ ਵਿੱਚ ਬਾਲੀਵੁੱਡ ਨਾਲ ਜੁੜੀਆਂ ਕਈ ਸ਼ਖਸ਼ੀਅਤਾਂ ਇੰਨੀਂ ਦਿਨੀਂ ਅਹਿਮ ਭੂਮਿਕਾ ਨਿਭਾ ਰਹੀਆਂ ਹਨ, ਜਿੰਨ੍ਹਾਂ ਦੀ ਲੜੀ ਵਿੱਚ ਹੀ ਆਪਣੇ ਨਾਂਅ ਦਾ ਮਾਣਮੱਤਾ ਸ਼ੁਮਾਰ ਅੱਜਕੱਲ੍ਹ ਕਰਵਾ ਰਹੇ ਹਨ ਨਿਰਦੇਸ਼ਕ ਅਮਰਪ੍ਰੀਤ ਛਾਬੜਾ, ਜੋ ਪਾਲੀਵੁੱਡ ਵਿੱਚ ਸਥਾਪਿਤ ਨਾਂਅ ਵਜੋਂ ਆਪਣੀ ਸਫਲ ਮੌਜੂਦਗੀ ਦਰਜ ਕਰਵਾਉਣ ਵਿਚ ਪੂਰੀ ਤਰ੍ਹਾਂ ਸਫ਼ਲ ਰਹੇ ਹਨ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ 'ਸਾ-ਰੇ-ਗਾ-ਮਾ, ਹੰਬਲ ਮੋਸ਼ਨ ਪਿਕਚਰਜ਼' ਅਤੇ 'ਯੁਡਲੀ ਫਿਲਮਜ਼' ਵੱਲੋਂ ਨਿਰਮਿਤ ਕੀਤੀ 'ਸ਼ਿੰਦਾ ਸ਼ਿੰਦਾ ਨੋ ਪਾਪਾ' ਸਫਲਤਾ ਦੇ ਲਗਾਤਾਰ ਨਵੇਂ ਰਿਕਾਰਡ ਕਾਇਮ ਕਰਦੀ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਦੁਆਰਾ ਹੀ ਕੀਤਾ ਗਿਆ ਹੈ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨਾਂ ਹੇਠ ਬਣੀ ਇਹ ਬਹੁ-ਚਰਚਿਤ ਫਿਲਮ ਹੁਣ ਤੱਕ 32 ਕਰੋੜ ਤੋਂ ਵੱਧ ਦਾ ਵਰਲਡ-ਵਾਈਡ ਕਾਰੋਬਾਰ ਕਰਨ ਵਿੱਚ ਕਾਮਯਾਬ ਰਹੀ ਹੈ, ਜਿਸ ਨਾਲ ਚਾਰੇ-ਪਾਸੇ ਮਿਲ ਰਹੀ ਸਲਾਹੁਤਾ ਤੋਂ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਇਹ ਪ੍ਰਤਿਭਾਸ਼ਾਲੀ ਫਿਲਮਕਾਰ, ਜੋ ਹੁਣ ਅਪਣੇ ਅਗਲੇ ਪ੍ਰੋਜੈਕਟਸ ਦੀ ਤਿਆਰੀ ਵਿੱਚ ਵੀ ਜੁਟ ਚੁੱਕੇ ਹਨ।
ਸਾਲ 2014 ਵਿੱਚ ਆਈ ਗਿੱਪੀ ਗਰੇਵਾਲ ਦੀ 'ਹੈਪੀ ਗੋ ਲੱਕੀ' ਨਾਲ ਪੰਜਾਬੀ ਸਿਨੇਮਾ 'ਚ ਡਾਇਰੈਕਟੋਰੀਅਲ ਡੈਬਿਊ ਕਰਨ ਵਾਲੇ ਇਹ ਆਹਲਾ ਨਿਰਦੇਸ਼ਕ 2022 ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ-ਜੈਸਮੀਨ ਭਸੀਨ ਸਟਾਰਰ 'ਹਨੀਮੂਨ' ਨਾਲ ਵੀ ਸੁਰਖੀਆਂ ਦਾ ਕੇਂਦਰ ਬਿੰਦੂ ਬਣੇ ਰਹੇ ਹਨ।