ਚੰਡੀਗੜ੍ਹ:ਪੰਜਾਬੀ ਸਿਨੇਮਾ ਵਿੱਚ ਅੱਜਕੱਲ੍ਹ ਸਟਾਰ ਰੁਤਬਾ ਹਾਸਿਲ ਕਰ ਚੁੱਕੇ ਹਨ ਅਦਾਕਾਰ ਬਿੰਨੂ ਢਿੱਲੋਂ, ਜੋ ਸਾਊਥ ਫਿਲਮ ਇੰਡਸਟਰੀ ਦਾ ਚਰਚਿਤ ਚਿਹਰਾ ਬਣਦੀ ਜਾ ਰਹੀ ਅਦਾਕਾਰਾ ਪਾਇਲ ਰਾਜਪੂਤ ਨਾਲ ਇੱਕ ਹੋਰ ਫਿਲਮ ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਇਸ ਬਿੱਗ ਸੈਟਅੱਪ ਫਿਲਮ ਦੀ ਸ਼ੂਟਿੰਗ ਯੂਨਾਈਟਿਡ ਕਿੰਗਡਮ ਵਿਖੇ ਸ਼ੁਰੂ ਹੋ ਗਈ ਹੈ।
'ਜੋਰੀਆ ਪ੍ਰੋਡੋਕਸ਼ਨ' ਅਤੇ 'ਪੰਜ ਤਾਰਾ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਲਾਡੀ ਘੁੰਮਣ ਕਰ ਰਹੇ ਹਨ, ਜਦ ਕਿ ਇਸ ਦੇ ਨਿਰਮਾਣਕਾਰਾਂ ਵਿੱਚ ਗੁਰਦੀਪ ਸਿੰਘ, ਜਤਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਸ਼ਾਮਲ ਹਨ।
ਲੰਦਨ ਦੇ ਬਰਮਿੰਘਮ ਵਿਖੇ ਲੰਮੇਰੇ ਸ਼ੂਟਿੰਗ ਸ਼ੈਡਿਊਲ ਵੱਲ ਵੱਧ ਚੁੱਕੀ ਇਸ ਕਾਮੇਡੀ-ਡਰਾਮਾ ਫਿਲਮ ਵਿੱਚ ਅਦਾਕਾਰ ਬਿੰਨੂ ਢਿੱਲੋਂ ਅਤੇ ਅਦਾਕਾਰਾ ਪਾਇਲ ਰਾਜਪੂਤ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਨਿਰਮਲ ਰਿਸ਼ੀ, ਗੁਰਮੀਤ ਸਾਜਨ ਅਤੇ ਹਰਬੀ ਸੰਘਾ ਵੀ ਮਹੱਤਵਪੂਰਨ ਰੋਲਜ਼ ਪਲੇ ਕਰ ਰਹੇ ਹਨ, ਜੋ ਇਸ ਸ਼ੂਟਿੰਗ ਵਿੱਚ ਹਿੱਸਾ ਲੈਣ ਲਈ ਨਿਰਧਾਰਿਤ ਸਥਲ ਵਿਖੇ ਪੁੱਜ ਚੁੱਕੇ ਹਨ।
ਸਟਾਰਟ-ਟੂ-ਫਿਨਿਸ਼ ਸ਼ੈਡਿਊਲ ਅਧੀਨ ਜਿਆਦਾਤਰ ਯੂਕੇ ਵਿਖੇ ਹੀ ਫਿਲਮਾਈ ਜਾਣ ਵਾਲੀ ਉਕਤ ਫਿਲਮ ਦੇ ਸਹਿ ਨਿਰਮਾਤਾ ਸੁਖਮਨਪ੍ਰੀਤ ਸਿੰਘ, ਸਿਨੇਮਾਟੋਗ੍ਰਾਫ਼ਰ ਮਨੋਜ ਸਾਅ, ਕਾਰਜਕਾਰੀ ਨਿਰਮਾਤਾ ਪੰਕਜ ਜੋਸ਼ੀ, ਸ਼ਰਨਜੀਤ ਸੋਨਾ, ਗੀਤਕਾਰ ਹੈਪੀ ਰਾਏਕੋਟੀ, ਸੰਗੀਤਕਾਰ ਅਵੀ ਸਰਾਂ, ਡਾਇਲਾਗ ਲੇਖਕ ਚੰਚਲ ਡਾਬਰਾ, ਐਸੋਸੀਏਟ ਨਿਰਦੇਸ਼ਕ ਹਰਦੀਪ ਡੀ ਰਾਜ ਹਨ।
'ਓਮ ਜੀ ਸਿਨੇ ਵਰਲਡ ਸਟੂਡਿਓਜ਼' ਵੱਲੋਂ ਵਰਲਡ ਵਾਈਡ ਜਾਰੀ ਕੀਤੀ ਜਾ ਰਹੀ ਉਕਤ ਫਿਲਮ ਬਿੰਨੂ ਢਿੱਲੋਂ ਅਤੇ ਪਾਇਲ ਰਾਜਪੂਤ ਦੀ ਲਗਾਤਾਰ ਦੂਸਰੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ ਸੰਪੂਰਨਤਾ ਦੇ ਨਜ਼ਦੀਕ ਪੁੱਜ ਚੁੱਕੀ 'ਡੈਡੀ ਓ ਡੈਡੀ' ਦਾ ਹਿੱਸਾ ਬਣ ਚੁੱਕੇ ਹਨ, ਜਿਸ ਦਾ ਨਿਰਦੇਸ਼ਨ ਸਮੀਪ ਕੰਗ ਕਰ ਰਹੇ ਹਨ।
ਓਧਰ ਇਸ ਫਿਲਮ ਦਾ ਹਿੱਸਾ ਬਣੀ ਅਦਾਕਾਰਾ ਪਾਇਲ ਰਾਜਪੂਤ ਦੀ ਗੱਲ ਕੀਤੀ ਜਾਵੇ ਤਾਂ ਤਮਿਲ, ਤੇਲਗੂ ਫਿਲਮਾਂ ਵਿੱਚ ਉੱਚ ਬੁਲੰਦੀਆਂ ਛੂਹ ਰਹੀ ਇਸ ਅਦਾਕਾਰਾਂ ਵੱਲੋਂ ਸਾਲ 2017 ਵਿੱਚ ਆਈ ਨਿੰਜਾ ਸਟਾਰਰ 'ਚੰਨਾ ਮੇਰਿਆ' ਦੁਆਰਾ ਪਾਲੀਵੁੱਡ ਵਿੱਚ ਸ਼ਾਨਦਾਰ ਡੈਬਿਊ ਕੀਤਾ ਗਿਆ ਸੀ, ਜੋ ਇਸੇ ਫਿਲਮ ਲਈ ਸਰਵੋਤਮ ਡੈਬਿਊ ਅਦਾਕਾਰ ਦਾ ਐਵਾਰਡ ਵੀ ਆਪਣੀ ਝੋਲੀ ਪਵਾ ਚੁੱਕੀ ਹੈ।
ਇਸ ਤੋਂ ਇਲਾਵਾ 'ਵੀਰੇ ਕੀ ਵੈਡਿੰਗ' ਨਾਲ ਹਿੰਦੀ ਸਿਨੇਮਾ ਖੇਤਰ ਵਿੱਚ ਵੀ ਪ੍ਰਭਾਵੀ ਦਸਤਕ ਦੇਣ ਵਾਲੀ ਇਹ ਅਦਾਕਾਰਾ ਅੱਜਕੱਲ੍ਹ ਪੰਜਾਬੀ ਸਿਨੇਮਾ ਖਿੱਤੇ ਵਿੱਚ ਬਰਾਬਰਤਾ ਨਾਲ ਆਪਣੇ ਕਦਮ ਅੱਗੇ ਵਧਾ ਰਹੀ ਹੈ।