ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਅੱਜਕੱਲ੍ਹ ਛਾਏ ਹੋਏ ਹਨ ਗਾਇਕ ਅਤੇ ਅਦਾਕਾਰ ਬੱਬੂ ਮਾਨ, ਜੋ ਇਸ ਵਰ੍ਹੇ ਦਾ ਅਪਣਾ ਪਹਿਲਾਂ ਗਾਣਾ 'ਦਿਲ ਤੇ ਨਾ ਲਾਈਂ' ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਮਨਮੋਹਕ ਅਤੇ ਪ੍ਰਭਾਵੀ ਅਵਾਜ਼ ਵਿੱਚ ਸੱਜਿਆ ਇਹ ਗੀਤ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗਾ।
'ਬੁਲ 18' ਦੇ ਸੰਗੀਤਕ ਲੇਬਲ ਅਧੀਨ ਬੱਬੂ ਮਾਨ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਟ੍ਰੈਕ ਵਿੱਚ ਪੁਰਾਤਨ ਸੰਗੀਤ ਅਤੇ ਗਾਇਕੀ ਦੇ ਕਈ ਰੰਗ ਵੇਖਣ ਅਤੇ ਸੁਣਨ ਨੂੰ ਮਿਲਣਗੇ। ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣਨ ਜਾ ਰਹੇ ਇਸ ਨਵੇਂ ਗਾਣੇ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ ਗਾਇਕ-ਗੀਤਕਾਰ ਅਤੇ ਸੰਗੀਤਕਾਰ ਬੱਬੂ ਮਾਨ, ਜਿੰਨ੍ਹਾਂ ਇਸੇ ਗੀਤ ਸੰਬੰਧਤ ਵਿਸਥਾਰਕ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਅਜੋਕੇ ਯੁੱਗ ਦੇ ਸੰਗੀਤ ਅਤੇ ਗਾਇਕੀ 'ਚ ਚੰਗੀ ਸ਼ਾਇਰੀ, ਰਿਵਾਇਤੀ ਸਾਜ਼, ਮਨ ਨੂੰ ਛੂਹ ਲੈਣ ਅਲਫਾਜ਼ ਗੁੰਮ ਹੁੰਦੇ ਜਾ ਰਹੇ ਹਨ, ਜਿੰਨ੍ਹਾਂ ਨੂੰ ਮੁੜ ਜਿਉਂਦਿਆਂ ਕਰਨ ਦੇ ਉਪਰਾਲੇ ਅਧੀਨ ਹੀ ਵਜ਼ੂਦ ਵਿੱਚ ਲਿਆਂਦਾ ਗਿਆ ਹੈ ਉਕਤ ਗਾਣਾ, ਜਿਸ ਵਿੱਚ ਮਿੱਟੀ ਦੀ ਮਹਿਕ, ਦੇਸੀ ਸਾਜਾਂ ਦੀ ਖੁਸ਼ਬੂ ਨੂੰ ਦਰਸਾਉਂਦਾ ਹਰ ਸੰਗੀਤਕ ਸੁਮੇਲ ਸ਼ਾਮਿਲ ਕੀਤਾ ਗਿਆ ਹੈ।
ਗਾਇਕ ਨੇ ਲਿਖਿਆ, 'ਦੁਨੀਆਂ ਵਿੱਚ ਅਨੇਕ ਪ੍ਰਕਾਰ ਦਾ ਸੰਗੀਤ ਹੈ ਅਜੋਕੇ ਯੁੱਗ 'ਚ, ਜਦੋਂ ਗੀਤਾਂ ਚੋਂ ਚੰਗੀਆਂ ਤਰਜ਼ਾਂ, ਚੰਗੀ ਸ਼ਾਇਰੀ, ਸਾਜ਼, ਸੰਗੀਤ ਗੁੰਮ ਹੁੰਦੇ ਜਾਂਦੇ ਹਨ ਤਾਂ ਅਪਣੇ ਖਿੱਤੇ ਦੇ ਲੋਕ ਠੱਗਿਆ ਮਹਿਸੂਸ ਕਰਦੇ ਹਨ...ਸਾਡਾ ਫ਼ਰਜ਼ ਹੈ ਕਿ ਆਧੁਨਿਕ ਸਾਜ਼ਾਂ ਦੇ ਨਾਲ-ਨਾਲ ਆਪਣੇ, ਰਿਵਾਇਤੀ ਸਾਜ਼ਾਂ ਨੂੰ ਵੀ ਸੰਭਾਲਣਾ, ਜਿਉਂਦੇ ਰੱਖਣਾ...ਮੇਰੇ ਗੀਤਾਂ ਚੋਂ ਮੇਰੀ ਮਿੱਟੀ ਦੀ ਮਹਿਕ, ਮੇਰੇ ਵਤਨ ਦੀ ਵਿਰਾਸਤ ਨਜ਼ਰ ਆਵੇਗੀ ਔਰ ਇਹ ਸੰਗੀਤ ਬੌਂਗਿਆਂ ਦੇ ਕੰਨਾਂ ਨੂੰ ਸੁਰ 'ਚ ਕਰੇਗਾ...ਬੱਚਿਆਂ ਦੇ ਮਨ ਕੋਰੀ ਸਲੇਟ ਵਾਂਗੂੰ ਹੁੰਦੇ ਹਨ, ਆਓ ਇਹਨਾਂ ਨੂੰ ਹਰ ਤਰ੍ਹਾਂ ਦੇ ਸੰਗੀਤ ਨਾਲ ਜੋੜੀਏ...ਪੰਜਾਬ ਪੰਜਾਬੀਅਤ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।'