ਚੰਡੀਗੜ੍ਹ: ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸੁੱਚਾ ਸੂਰਮਾ' ਦੀ ਅਪਾਰ ਸਫ਼ਲਤਾ ਨਾਲ ਅਦਾਕਾਰ ਅਤੇ ਗਾਇਕ ਬੱਬੂ ਮਾਨ ਅੱਜਕੱਲ੍ਹ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਅਪਣੀ ਆਉਣ ਵਾਲੀ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦੇ ਲਈ ਆਸਟ੍ਰੇਲੀਆ ਪੁੱਜ ਚੁੱਕੇ ਹਨ, ਜਿੰਨ੍ਹਾਂ ਦੀ ਇਸ ਬਹੁ-ਚਰਚਿਤ ਫਿਲਮ ਦਾ ਦੂਸਰਾ ਸ਼ੈਡਿਊਲ ਉੱਥੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ।
'ਬੋਸ ਮਿਊਜ਼ਿਕਲ ਰਿਕਾਰਡਸ' ਅਤੇ '751 ਫਿਲਮਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਸੁਪਰ ਡੁਪਰ ਹਿੱਟ ਅਤੇ ਚਰਚਿਤ ਫਿਲਮਾਂ ਦਾ ਵੀ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਹਨ।
ਐਕਸ਼ਨ-ਡਰਾਮਾ ਕਹਾਣੀਸਾਰ ਅਧਾਰਿਤ ਉਕਤ ਫਿਲਮ ਵਿੱਚ ਬੱਬੂ ਮਾਨ, ਗੂਰੂ ਰੰਧਾਵਾ ਅਤੇ ਗੁੱਗੂ ਗਿੱਲ ਲੀਡਿੰਗ ਭੂਮਿਕਾਵਾਂ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਨਾਲ ਇਸ ਬਿੱਗ ਸੈਟਅੱਪ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ, ਜੋ 'ਛੋਟੀ ਸਰਦਾਰਨੀ' ਤੋਂ ਇਲਾਵਾ 'ਬਿੱਗ ਬੌਸ ਸੀਜ਼ਨ 16' ਦਾ ਵੀ ਸ਼ਾਨਦਾਰ ਹਿੱਸਾ ਰਹੀ ਹੈ।